ਮਨਹੂਸ ਕੌਣ
Manhoos Kaun
ਇਕ ਦਿਨ ਸਵੇਰ ਦੇ ਸਮੇਂ ਬਾਦਸ਼ਾਹ ਅਕਬਰ ਆਪਣੇ ਮਹੱਲ ਦੀ ਖਿੜਕੀ ਵਿਚ ਖੜੇ ਸਨ। ਉਸ ਸਮੇਂ ਇਕ ਅਜਿਹਾ ਵਿਅਕਤੀ ਮਹੱਲ ਦੇ ਥੱਲਿਉਂ ਰਸਤੇ ਵਿਚੋਂ ਗੁਜ਼ਰਿਆ ਜਿਸ ਦੇ ਬਾਰੇ ਕਿਹਾ ਜਾਂਦਾ ਸੀ ਕਿ ਉਹ ਮਨਹੂਸ ਹੈ ਅਤੇ ਸਵੇਰੇ-ਸਵੇਰੇ ਜੋ ਵੀ ਉਸ ਦੀ ਸੁਰਤ ਦੇਖ ਲੈਣਾ ਹੈ, ਉਸ ਦਾ ਉਹ ਦਿਨ ਮੁਸੀਬਤਾਂ ਨਾਲ ਘਿਰਿਆ ਰਹਿੰਦਾ ਹੈ। ਉਸ ਵਿਅਕਤੀ ਨੇ ਬਾਦਸ਼ਾਹ ਨੂੰ ਸਲਾਮ ਕੀਤਾ ਅਤੇ ਅੱਗੇ ਲੰਘ ਗਿਆ। ਬਾਦਸ਼ਾਹ ਅਕਬਰ ਸੋਚਣ ਲੱਗੇ ਕਿ ਇਹ ਗੱਲ ਸਹੀ ਹੈ ਕਿ ਅੱਜ ਮੈਂ ਇਸ ਦਾ ਮੂੰਹ ਦੇਖ ਲਿਆ ਹੈ। ਦੇਖਦੇ ਹਾਂ, ਅੱਜ ਮੇਰੇ ਨਾਲ ਕੀ ਗੁਜ਼ਰਦੀ ਹੈ।
ਅਕਬਰ ਇਸ਼ਨਾਨ ਕਰ ਕੇ ਦਰਬਾਰ ਵਿਚ ਜਾਣ ਲਈ ਤਿਆਰ ਹੋਏ ਹੀ ਸਨ ਕਿ ਤਦੋਂ ਹੀ ਸਮਾਚਾਰ ਮਿਲਿਆ ਕਿ ਉਹਨਾਂ ਦੀ ਬੇਗ਼ਮ ਦਾ ਭਰਾ ਦੁਰਘਟਨਾ ਵਿਚ ਜ਼ਖ਼ਮੀ ਹੋ ਗਿਆ ਹੈ। ਦਰਬਾਰ ਵਿਚ ਜਾਣ ਦੀ ਬਜਾਏ ਉਹ ਸਾਲੇ ਨੂੰ ਦੇਖਣ ਚਲੇ ਗਏ। ਵਾਪਸ ਆਉਂਦੇ ਸਮੇਂ ਮਹੱਲ ਦੀਆਂ ਪੌੜੀਆਂ ’ਤੇ ਚੜ੍ਹਦੇ ਸਮੇਂ ਉਹਨਾਂ ਦਾ ਪੈਰ ਫਿਸਲ ਗਿਆ ਅਤੇ ਪੈਰ ’ਤੇ ਮੋਚ ਆ ਗਈ। ਪੈਰ 'ਤੇ ਪੱਟੀ ਬੰਨ੍ਹ ਕੇ ਉਹ ਦਰਬਾਰ ਵਿਚ ਪਹੁੰਚੇ। ਉਸ ਦਿਨ ਬੀਰਬਲ ਦਰਬਾਰ ਵਿਚ ਨਹੀਂ ਆਇਆ, ਇਸ ਲਈ ਕੋਈ ਕੰਮ ਨਹੀਂ ਹੋ ਸਕਿਆ । ਥੱਕ ਕੇ ਉਹ ਆਪਣੇ ਮਹੱਲ ਵਿਚ ਪਰਤ ਆਏ ਅਤੇ ਥੋੜ੍ਹਾ ਆਰਾਮ ਕਰਨ ਦਾ ਵਿਚਾਰ ਕੀਤਾ। ਅਜੇ ਉਹਨਾਂ ਨੂੰ ਥੋੜੀ ਜਿਹੀ ਝਪਕੀ ਹੀ ਆਈ ਸੀ ਕਿ ਬੇਗ਼ਮ ਨੇ ਉਹਨਾਂ ਨੂੰ ਭੋਜਨ ਕਰਨ ਦੇ ਲਈ ਬੁਲਾਇਆ।
ਅੱਜ ਭੋਜਨ ਕਰਨ ਦਾ ਉਹਨਾਂ ਦਾ ਮਨ ਨਹੀਂ ਸੀ। ਫਿਰ ਵੀ ਭੋਜਨ ਕਰਨ ਬੈਠ ਗਏ। ਅਜੇ ਪਹਿਲੀ ਬੁਰਕੀ ਹੀ ਮੂੰਹ ਵਿਚ ਪਾਈ ਸੀ ਕਿ ਅਚਾਨਕ ਕਿਤੋਂ ਇਕ ਮੱਖੀ ਆ ਕੇ ਉਹਨਾਂ ਦੀ ਥਾਲੀ ਵਿਚ ਆ ਡਿੱਗੀ। ਉਹ ਖਾਣਾ ਛੱਡ ਕੇ ਖੜੇ ਹੋ ਗਏ। ਹੁਣ ਉਹਨਾਂ ਦਾ ਗੁੱਸਾ ਸਤਵੇਂ ਅਸਮਾਨ 'ਤੇ ਪਹੁੰਚ ਗਿਆ। ਬੇਗ਼ਮ ਨਾਲ ਵੀ ਇਸ ਗੱਲ ਤੇ ਉਹਨਾਂ ਦੀ ਅਣਬਣ ਹੋ ਗਈ ਅਤੇ ਬੇਗ਼ਮ ਨਾਰਾਜ਼ ਹੋ ਗਈ। ਜਿਵੇਂ-ਤਿਵੇਂ ਉਹ ਦਿਨ ਪੂਰਾ ਹੋਇਆ।
ਸ਼ਾਮ ਨੂੰ ਉਹ ਮਹੱਲ ਦੀ ਛੱਤ ਤੇ ਗਏ ਅਤੇ ਇਕਾਂਤ ਵਿਚ ਬੈਠ ਕੇ ਸੋਚਣ ਲੱਗੇ ਕਿ ਅੱਜ ਮੇਰਾ ਪੂਰਾ ਦਿਨ ਖ਼ਰਾਬ ਗਿਆ। ਇਸ ਤਰ੍ਹਾਂ ਪਹਿਲਾਂ ਕਦੇ ਨਹੀਂ ਹੋਇਆ ਸੀ। ਅੱਜ ਹੀ ਅਜਿਹਾ ਕਿਉਂ ਹੋਇਆ ? ਇਹ ਜ਼ਰੂਰ ਉਸ ਮਨਹੂਸ ਦੀ ਸੂਰਤ ਦੇਖਣ ਦਾ ਨਤੀਜਾ ਹੈ। ਉਹਨਾਂ ਨੇ ਉਸੇ ਸਮੇਂ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਉਸ ਮਨਹੂਸ ਨੂੰ ਗ੍ਰਿਫ਼ਤਾਰ ਕਰ ਕੇ ਮੇਰੇ ਸਾਹਮਣੇ ਪੇਸ਼ ਕੀਤਾ ਜਾਏ । ਸਿਪਾਹੀ ਤੁਰੰਤ ਉਸ ਨੂੰ ਫੜ ਕੇ ਲੈ ਆਏ । ਬਾਦਸ਼ਾਹ ਨੇ ਉਸ ਨੂੰ ਫ਼ਾਂਸੀ ਦੀ ਸਜ਼ਾ ਸੁਣਾਈ। ਦਰਬਾਰੀਆਂ ਦੇ ਪੁੱਛਣ 'ਤੇ ਉਹਨਾਂ ਨੇ ਪੂਰੀ ਗੱਲ ਦੱਸੀ ਕਿ ਕਿਸ ਤਰ੍ਹਾਂ ਉਸ ਦਾ ਮੂੰਹ ਦੇਖਣ ਤੇ ਉਹਨਾਂ (ਰਾਜੇ) ਦਾ ਪੂਰਾ ਦਿਨ ਖ਼ਰਾਬ ਹੋਇਆ।
ਖ਼ਬਰ ਬੀਰਬਲ ਤਕ ਵੀ ਪਹੁੰਚੀ। ਉਸ ਨੂੰ ਗਰੀਬ ਨਾਲ ਅਜਿਹਾ ਹੁੰਦਾ ਚੰਗਾ ਨਾ ਲੱਗਾ। ਉਹ ਸਿੱਧੇ ਜੇਲ ਵਿਚ ਪਹੁੰਚੇ ਅਤੇ ਉਸ ਮਨਹੂਸ ਨੂੰ ਸਨੇਹ ਨਾਲ ਮਿਲੇ ਅਤੇ ਕੁਝ ਸਮਝਾ ਕੇ ਵਾਪਸ ਆ ਗਏ।
ਫਾਂਸੀ ਦੇ ਦਿਨ ਸਿਪਾਹੀ ਮਨਹੂਸ ਨੂੰ ਫਾਂਸੀ ਦੇ ਤਖ਼ਤੇ ਦੇ ਕੋਲ ਲੈ ਗਏ । ਫਾਂਸੀ ਦੇਣ ਤੋਂ ਪਹਿਲਾਂ ਜੇਲਰ ਨੇ ਉਸ ਤੋਂ ਉਸ ਦੀ ਅੰਤਿਮ ਇੱਛਾ ਪੁੱਛੀ। ਉਸ ਨੇ ਕਿਹਾ, “ਕੱਲ੍ਹ ਸਵੇਰੇ ਬਾਦਸ਼ਾਹ ਨੇ ਮੇਰਾ ਮੂੰਹ ਵੇਖਿਆ ਸੀ, ਇਸ ਲਈ ਉਸ ਨੂੰ ਕੁਝ ਤਕਲੀਫ਼ਾਂ ਉਠਾਉਣੀਆਂ ਪਈਆਂ। ਕੱਲ ਹੀ ਮੈਂ ਵੀ ਸਭ ਤੋਂ ਪਹਿਲਾਂ ਉਹਨਾਂ ਦਾ ਮੂੰਹ ਵੇਖਿਆ ਸੀ, ਇਸ ਲਈ ਮੈਨੂੰ ਅੱਜ ਫ਼ਾਂਸੀ 'ਤੇ ਚੜ੍ਹਨਾ ਪੈ ਰਿਹਾ ਹੈ। ਜੇਲਰ ਸਾਹਿਬ ! ਤੁਸੀਂ ਦਰਬਾਰ ਵਿਚ ਜਾ ਕੇ ਬਾਦਸ਼ਾਹ, ਦਰਬਾਰੀ ਅਤੇ ਨਗਰ ਦੀ ਜਨਤਾ ਨੂੰ ਮੇਰਾ ਇਹ ਸੰਦੇਸ਼ ਪਹੁੰਚਾ ਦਿਉ ਕਿ ਅੱਜ ਤੋਂ ਬਾਅਦ ਸਵੇਰ ਦੇ ਸਮੇਂ ਕੋਈ ਵੀ ਬਾਦਸ਼ਾਹ ਦਾ ਮੂੰਹ ਨਾ ਦੇਖੇ । ਜੋ ਵੀ ਵਿਅਕਤੀ ਸਵੇਰ ਦੇ ਸਮੇਂ ਬਾਦਸ਼ਾਹ ਦਾ ਮੂੰਹ ਦੇਖੋਗਾ, ਉਸ ਨੂੰ ਮੇਰੀ ਤਰ੍ਹਾਂ ਫਾਂਸੀ ਤੇ ਚੜ੍ਹਨਾ ਪਵੇਗਾ। ਬੱਸ ਇਹੀ ਮੇਰੀ ਅੰਤਿਮ ਇੱਛਾ ਹੈ।'
ਉਸ ਵਿਅਕਤੀ ਦੀ ਇਹ ਗੱਲ ਸੁਣ ਕੇ ਜੇਲਰ ਹੈਰਾਨ ਰਹਿ ਗਿਆ। ਕੈਦੀ ਦੀ ਅੰਤਿਮ ਇੱਛਾ ਪੂਰੀ ਕੀਤੇ ਬਿਨਾਂ ਉਸ ਨੂੰ ਫ਼ਾਂਸੀ ਨਹੀਂ ਦਿੱਤੀ ਜਾ ਸਕਦੀ ਸੀ। ਭਾਵ ਜੇਲਰ ਤੁਰੰਤ ਦਰਬਾਰ ਵੱਲ ਰਵਾਨਾ ਹੋ ਗਿਆ। ਅਤੇ ਬਾਦਸ਼ਾਹ ਨੂੰ ਉਸ ਵਿਅਕਤੀ ਦੀ ਅੰਤਿਮ ਇੱਛਾ ਦੱਸੀ। ਉਸ ਦੀ ਇੱਛਾ ਸੁਣ ਕੇ ਉਹ ਵੀ ਹੈਰਾਨ ਰਹਿ ਗਏ। ਉਹਨਾਂ ਨੇ ਤੁਰੰਤ ਕੈਦੀ ਨੂੰ ਦਰਬਾਰ ਵਿਚ ਬੁਲਵਾਇਆ।
ਬਾਦਸ਼ਾਹ ਨੇ ਉਸ ਨੂੰ ਕਿਹਾ, “ਮੈਂ ਸਮਝ ਗਿਆ, ਬੀਰਬਲ ਦੀ ਸਲਾਹ ਨਾਲ ਹੀ ਤੁਸੀਂ ਇਸ ਤਰਾਂ ਦੀ ਸਮਝਦਾਰੀ ਦੀ ਗੱਲ ਕੀਤੀ ਹੈ। ਮੇਰੇ ਕੋਲੋਂ ਵਾਕਿਆ ਹੀ ਭੁੱਲ ਵਿਚ ਤੇਰੇ ਨਾਲ ਅਨਿਆਂ ਹੋ ਰਿਹਾ ਸੀ। ਜਾਹ ਮੈਂ ਤੇਰੀ ਸਜ਼ਾ ਮਾਫ਼ ਕਰਦਾ ਹਾਂ।
ਬਾਦਸ਼ਾਹ ਨੇ ਉਸ ਵਿਅਕਤੀ ਨੂੰ ਪੰਜ ਸੌ ਮੋਹਰਾਂ ਵੀ ਦਿੱਤੀਆਂ। ਉਹ ਵਿਅਕਤੀ ਖੁਸ਼ ਹੋ ਕੇ ਚਲਿਆ ਗਿਆ। ਇਕ ਨਿਰਦੋਸ਼ ਵਿਅਕਤੀ ਦੇ ਪ੍ਰਾਣ ਬਚਾਉਣ ਦੇ ਲਈ ਬਾਦਸ਼ਾਹ ਨੇ ਬੀਰਬਲ ਦਾ ਬਹੁਤ ਅਹਿਸਾਨ ਮੰਨਿਆ।
ਇਕ ਦਿਨ ਬਾਦਸ਼ਾਹ ਅਕਬਰ ਘੋੜੇ 'ਤੇ ਬੈਠ ਕੇ ਸ਼ਾਹੀ ਬਾਗ਼ ਵਿਚ ਘੁੰਮਣ ਗਏ। ਨਾਲ ਬੀਰਬਲ ਵੀ ਸੀ। ਚਾਰੇ ਪਾਸੇ ਹਰੇ-ਭਰੇ ਰੁੱਖ ਅਤੇ ਹਰੀ-ਭਰੀ ਘਾਹ ਦੇਖ ਕੇ ਅਕਬਰ ਨੂੰ ਬਹੁਤ ਅਨੰਦ ਆਇਆ। ਉਸ ਨੂੰ ਲੱਗਿਆ ਕਿ ਬਗੀਚੇ ਵਿਚ ਸੈਰ ਕਰਨ ਦੇ ਲਈ ਘੋੜਾ ਵੀ ਹਰੇ ਰੰਗ ਦਾ ਹੋਣਾ ਚਾਹੀਦਾ ਹੈ।
ਉਹਨਾਂ ਨੇ ਬੀਰਬਲ ਨੂੰ ਕਿਹਾ, “ਬੀਰਬਲ ਮੈਨੂੰ ਹਰੇ ਰੰਗ ਦਾ ਘੋੜਾ ਚਾਹੀਦਾ ਹੈ। ਤੁਸੀਂ ਮੈਨੂੰ ਹਰੇ ਰੰਗ ਦਾ ਘੋੜਾ ਲਿਆ ਦਿਉ, ਸੱਤ ਦਿਨਾਂ ਦੇ ਅੰਦਰ-ਅੰਦਰ । ਜੇਕਰ ਤੁਸੀਂ ਹਰੇ ਰੰਗ ਦਾ ਘੋੜਾ ਨਾ ਲਿਆ ਸਕੇ ਤਾਂ ਤੁਸੀਂ ਮੈਨੂੰ ਆਪਣੀ ਸ਼ਕਲ ਨਾ ਦਿਖਾਉਣਾ।
ਹਰੇ ਰੰਗ ਦਾ ਘੋੜਾ ਤਾਂ ਹੁੰਦਾ ਹੀ ਨਹੀਂ। ਅਕਬਰ ਅਤੇ ਬੀਰਬਲ ਦੋਵਾਂ ਨੂੰ ਇਹ ਪਤਾ ਸੀ। ਲੇਕਿਨ ਅਕਬਰ ਨੇ ਤਾਂ ਬੀਰਬਲ ਦੀ ਪਰੀਖਿਆ ਲੈਣੀ ਸੀ।
ਦਰਅਸਲ ਇਸ ਪ੍ਰਕਾਰ ਦੇ ਸਵਾਲ ਕਰਕੇ ਉਹ ਚਾਹੁੰਦੇ ਸਨ ਕਿ ਬੀਰਬਲ ਆਪਣੀ ਹਾਰ ਸਵੀਕਾਰ ਕਰ ਲਵੇ ਅਤੇ ਕਹੇ ਕਿ ਜਹਾਂ ਪਨਾਹ, ਮੈਂ ਹਾਰ ਗਿਆ।
ਮਗਰ ਬੀਰਬਲ ਵੀ ਆਪਣੇ ਜਿਹਾ ਇਕ ਹੀ ਸੀ, ਉਹ ਅਕਬਰ ਦੇ ਹਰ ਸਵਾਲ ਦਾ ਅਜਿਹਾ ਸਟੀਕ ਉੱਤਰ ਦਿੰਦਾ ਸੀ ਕਿ ਬਾਦਸ਼ਾਹ ਅਕਬਰ ਨੂੰ ਮੂੰਹ ਦੀ ਖਾਣੀ ਪੈਂਦੀ ਸੀ।
ਬੀਰਬਲ ਹਰੇ ਰੰਗ ਦੇ ਘੋੜੇ ਦੀ ਖੋਜ ਦੇ ਬਹਾਨੇ ਸੱਤ ਦਿਨਾਂ ਤਕ ਇਧਰ-ਉਧਰ ਘੁੰਮਦੇ ਰਹੇ।
ਅੱਠਵੇਂ ਦਿਨ ਉਹ ਦਰਬਾਰ ਵਿਚ ਹਾਜ਼ਰ ਹੋਏ ਅਤੇ ਬਾਦਸ਼ਾਹ ਨੂੰ ਬੋਲੇ, “ਜਹਾਂ ਪਨਾਹ ! ਮੈਨੂੰ ਹਰੇ ਰੰਗ ਦਾ ਘੋੜਾ ਮਿਲ ਗਿਆ ਹੈ।
ਬਾਦਸ਼ਾਹ ਨੂੰ ਹੈਰਾਨੀ ਹੋਈ। ਉਹਨਾਂ ਨੇ ਕਿਹਾ, “ਜਲਦੀ ਦੱਸੋ, ਕਿਥੇ ਹੈ ਹਰਾ ਘੋੜਾ ??
ਬੀਰਬਲ ਨੇ ਕਿਹਾ, “ਜਹਾਂ ਪਨਾਹ ! ਘੋੜਾ ਤਾਂ ਤੁਹਾਨੂੰ ਮਿਲ ਜਾਵੇਗਾ, ਮੈਂ ਬੜੀ ਮੁਸ਼ਕਿਲ ਨਾਲ ਉਹ ਨੂੰ ਲੱਭਿਆ ਹੈ ਪਰ ਉਸ ਦੇ ਮਾਲਕ ਨੇ ਦੋ ਸ਼ਰਤਾਂ ਰੱਖੀਆਂ ਹਨ।
ਬਾਦਸ਼ਾਹ ਨੇ ਕਿਹਾ, “ਕੀ ਸ਼ਰਤ ਹੈ ???
“ਪਹਿਲੀ ਸ਼ਰਤ ਤਾਂ ਇਹ ਹੈ ਕਿ ਘੋੜਾ ਲੈਣ ਦੇ ਲਈ ਤੁਹਾਨੂੰ ਖ਼ੁਦ ਜਾਣਾ ਪਵੇਗਾ।”.
ਇਹ ਤਾਂ ਬੜੀ ਆਸਾਨ ਸ਼ਰਤ ਹੈ। ਦੂਸਰੀ ਸ਼ਰਤ ਕੀ ਹੈ ? “ਘੋੜਾ ਖ਼ਾਸ ਰੰਗ ਦਾ ਹੈ, ਇਸ ਲਈ ਉਸ ਨੂੰ ਲਿਆਉਣ ਦਾ ਦਿਨ ਵੀ ਖ਼ਾਸ ਹੀ ਹੋਵੇਗਾ। ਉਸ ਦਾ ਮਾਲਕ ਕਹਿੰਦਾ ਹੈ ਕਿ ਹਫ਼ਤੇ ਦੇ ਸੱਤ ਦਿਨਾਂ ਦੇ ਇਲਾਵਾ ਕਿਸੇ ਵੀ ਦਿਨ ਆ ਕੇ ਇਸ ਨੂੰ ਲੈ ਜਾਉ।
ਅਕਬਰ ਬੀਰਬਲ ਦਾ ਮੂੰਹ ਦੇਖਦੇ ਰਹਿ ਗਏ।
ਬੀਰਬਲ ਨੇ ਹੱਸਦੇ ਹੋਏ ਕਿਹਾ, “ਜਹਾਂ ਪਨਾਹ ! ਹਰੇ ਰੰਗ ਦਾ ਘੋੜਾ ਲਿਆਉਣਾ ਹੈ ਤਾਂ ਉਸ ਦੀਆਂ ਸ਼ਰਤਾਂ ਵੀ ਮੰਨਣੀਆਂ ਹੀ ਪੈਣਗੀਆਂ।”
ਅਕਬਰ ਖਿੜਖਿੜਾ ਕੇ ਹੱਸ ਪਏ । ਬੀਰਬਲ ਦੀ ਚਤੁਰਾਈ ਨਾਲ ਉਹ ਖ਼ੁਸ਼ ਹੋਏ ਅਤੇ ਸਮਝ ਗਏ ਕਿ ਬੀਰਬਲ ਨੂੰ ਮੂਰਖ ਬਣਾਉਣਾ ਆਸਾਨ ਨਹੀਂ ਹੈ।

0 Comments