Punjabi Essay on "Nasha Nash Karda Hai", "ਨਸ਼ਾ ਨਾਸ ਕਰਦਾ ਹੈ" Punjabi Paragraph-Lekh-Speech for Class 8, 9, 10, 11, 12 Students.

ਨਸ਼ਾ ਨਾਸ ਕਰਦਾ ਹੈ 
Nasha Nash Karda Hai




ਨਸ਼ੀਲੇ ਪਦਾਰਥਾਂ ਦੀ ਮਨੁੱਖਾਂ ਦੁਆਰਾ ਵਰਤੋਂ ਕਰਨਾ ਨਸ਼ਾ ਕਰਨਾ ਅਖਵਾਉਂਦਾ ਹੈ। ਇਹਨਾਂ ਪਦਾਰਥਾਂ ਦੇ ਸੇਵਨ ਨਾਲ ਮਨੁੱਖ ਦਾ ਨਾੜੀ-ਤੰਤਰ ਪ੍ਰਭਾਵਿਤ ਹੁੰਦਾ ਹੈ ਅਤੇ ਉਹ ਕੁਝ ਸਮੇਂ ਲਈ ਅਨੰਦ ਮਹਿਸੂਸ ਕਰਦਾ ਹੈ ਪਰ ਨਸ਼ਾ ਉੱਤਰ ਜਾਣ ਪਿੱਛੋਂ | ਉਸ ਨੂੰ ਫਿਰ ਨਸ਼ੀਲੇ ਪਦਾਰਥਾਂ ਦੀ ਲੋੜ ਮਹਿਸੂਸ ਹੁੰਦੀ ਹੈ। ਇਸ ਤਰ੍ਹਾਂ ਮਨੁੱਖ ਨਸ਼ਿਆਂ ਦਾ ਆਦੀ ਹੋ ਜਾਂਦਾ ਹੈ ਅਤੇ ਨਸ਼ੇ ਤੋਂ ਬਿਨਾਂ ਉਸ ਦਾ ਗੁਜ਼ਾਰਾ ਮੁਸ਼ਕਲ ਹੋ ਜਾਂਦਾ ਹੈ। 


ਨਸ਼ੇ ਦਾ ਕਾਰੋਬਾਰ

ਨਸ਼ੀਲੇ ਪਦਾਰਥਾਂ ਦੇ ਵੱਡੀ ਮਾਤਰਾ ਵਿੱਚ ਫੜੇ ਜਾਣ ਦੀਆਂ ਖ਼ਬਰਾਂ ਅਸੀਂ ਰੋਜ਼ ਪੜ੍ਹਦੇ-ਸੁਣਦੇ ਹਾਂ। ਇਹਨਾਂ ਪਦਾਰਥਾਂ ਦੀ ਕੀਮਤ ਵੀ ਕਰੋੜਾਂ ਰੁਪਈਆਂ ਵਿੱਚ ਹੁੰਦੀ ਹੈ। ਪੁਰਾਣੇ ਸਮੇਂ ਵਿੱਚ ਅਫ਼ੀਮ, ਪੋਸਤ, ਭੁੱਕੀ ਜਾਂ ਸ਼ਰਾਬ ਦੀ ਵਰਤੋਂ ਕੀਤੀ ਜਾਂਦੀ ਸੀ ਪਰ ਹੁਣ ਤਾਂ ਚਰਸ, ਗਾਂਜਾ, ਸਮੈਕ, ਸਿਗਰਟਾਂ, ਸੁਲਫ਼ਾ, ਕੋਕੀਨ, ਤਮਾਕੂ ਅਤੇ ਕਈ ਕਿਸਮ ਦੇ ਟੀਕੇ, ਗੋਲੀਆਂ ਅਤੇ ਕੈਪਸੂਲ ਵੀ ਨਸ਼ੇ ਲਈ ਆਮ ਵਰਤੇ ਜਾਣ ਲੱਗੇ ਹਨ। ਕੁਝ ਦੇਸ਼ਾਂ ਵਿੱਚ ਨਸ਼ੀਲੇ ਪਦਾਰਥਾਂ ਦੀ ਖੇਤੀ ਕੀਤੀ ਜਾਂਦੀ ਹੈ ਅਤੇ ਇਹਨਾਂ ਪਦਾਰਥਾਂ ਵਿੱਚ ਹੋਰ ਨਸ਼ੀਲੇ ਰਸਾਇਣ ਮਿਲਾ ਕੇ ਇਹਨਾਂ ਦੇ ਪ੍ਰਭਾਵ ਨੂੰ ਵਧਾਇਆ ਜਾਂਦਾ ਹੈ। ਨਸ਼ਾ ਤਿਆਰ ਕਰਨ ਅਤੇ ਇਸ ਨੂੰ ਮੰਡੀ ਵਿੱਚ ਵੇਚਣ ਤੱਕ ਦਾ ਕੰਮ ਕਰਨ ਲਈ ਨਸ਼ੇ ਦੇ ਵਪਾਰੀਆਂ ਨੇ ਬਹੁਤ ਗੁੰਝਲਦਾਰ ਜਾਲ ਵਿਛਾਇਆ ਹੋਇਆ ਹੈ। ਇਹਨਾਂ ਲੋਕਾਂ ਨੇ ਹੁਣ ਤਾਂ ਔਰਤਾਂ ਅਤੇ ਨਾਬਾਲਗ਼ ਬੱਚਿਆਂ ਨੂੰ ਵੀ ਇਸ ਕਾਰੋਬਾਰ ਦਾ ਹਿੱਸਾ ਬਣਾ ਲਿਆ ਹੈ। 


ਨਵੀਂ ਪੀੜ੍ਹੀ ਵਿੱਚ ਨਸ਼ੇ ਦਾ ਵਧਦਾ ਰੁਝਾਨ

ਅੱਜ ਦੀ ਨੌਜਵਾਨ ਪੀੜੀ ਨਸਿਆਂ ਵਿੱਚ ਗਰਕਦੀ ਜਾ ਰਹੀ ਹੈ। ਕੋਈ ਵਿਰਲਾ ਪਰਿਵਾਰ ਹੀ ਅਜਿਹਾ ਲੱਭਦਾ ਹੈ ਜਿਹੜਾ ਨਸ਼ਿਆਂ ਤੋਂ ਬਚਿਆ ਹੋਵੇ। ਬਹੁਤੇ ਨੌਜਵਾਨ ਆਪਣੇ ਦੋਸਤਾਂ-ਮਿੱਤਰਾਂ ਨੂੰ ਦੇਖ ਕੇ ਜਾਂ ਉਹਨਾਂ ਦੇ ਕਹਿਣ ਉੱਤੇ ਨਸ਼ਾ ਕਰਦੇ ਹਨ ਅਤੇ ਹੌਲੀ-ਹੌਲੀ ਇਸ ਦੇ ਆਦੀ ਬਣ ਜਾਂਦੇ ਹਨ। ਕੁਝ ਨੌਜਵਾਨ ਫ਼ਿਲਮਾਂ ਅਤੇ ਟੈਲੀਵੀਜ਼ਨ ਦੇ ਨਾਟਕਾਂ ਵਿਚਲੇ ਨਸ਼ਈ ਕਿਰਦਾਰਾਂ ਦੇ ਪ੍ਰਭਾਵ ਅਧੀਨ ਨਸ਼ਾ ਕਰਨ ਲੱਗ ਜਾਂਦੇ ਹਨ। ਮਿਹਨਤੀ ਅਤੇ ਪੜ੍ਹੇ-ਲਿਖੇ ਯੋਗ ਨੌਜਵਾਨ ਜਦੋਂ ਭ੍ਰਿਸ਼ਟਾਚਾਰ ਕਾਰਨ ਚੰਗੇ ਅਹੁਦੇ ਨਹੀਂ ਪ੍ਰਾਪਤ ਕਰ ਸਕਦੇ ਤਾਂ ਨਿਰਾਸ਼ਾ ਤੋਂ ਮੁਕਤੀ ਪ੍ਰਾਪਤ ਕਰਨ ਲਈ ਉਹ ਵੀ ਨਸ਼ੇ ਕਰਨ ਲੱਗ ਜਾਂਦੇ ਹਨ। 


ਨੌਜਵਾਨਾਂ ਵਿੱਚ ਨਸ਼ੇ ਦੀ ਲਤ ਦਾ ਕਾਰਨ 

ਹੋਣ ਦੇ ਅਜੋਕੇ ਸਮੇਂ ਵਿੱਚ ਸਾਂਝੇ ਟੱਬਰਾਂ ਦੀ ਹੋਂਦ ਖ਼ਤਮ ਹੋ ਰਹੀ ਹੈ। ਮਹਿੰਗਾਈ ਅਤੇ ਪਦਾਰਥਿਕ ਲੋੜਾਂ ਵਧਣ ਕਰਕੇ ਔਰਤਾਂ ਨੂੰ ਮਰਦਾਂ ਦੇ ਬਰਾਬਰ ਕਮਾਉਣਾ ਪੈਂਦਾ ਹੈ। ਕਮਾਈ ਕਰਨ ਲਈ ਔਰਤਾਂ ਨੂੰ ਘਰ ਤੋਂ ਬਾਹਰ ਜਾਣਾ ਪੈਂਦਾ ਹੈ। ਨੌਕਰੀ-ਪੇਸ਼ਾ ਮਾਪੇ ਆਪਣੇ ਬੱਚਿਆਂ ਨੂੰ ਲੁੜੀਂਦਾ ਸਮਾਂ ਨਹੀਂ ਦੇ ਸਕਦੇ ਅਤੇ ਇਕੱਲਤਾ ਦਾ ਸ਼ਿਕਾਰ ਹੋਏ ਬੱਚੇ ਨਸ਼ਿਆਂ ਦੀ ਲਤ ਲਾ ਬੈਠਦੇ ਹਨ। ਅੱਜ-ਕੱਲ੍ਹ ਉੱਚੀ ਅਤੇ ਮਿਆਰੀ ਵਿੱਦਿਆ ਦੀ ਪ੍ਰਾਪਤੀ ਲਈ ਬੱਚਿਆਂ ਨੂੰ ਘਰੋਂ ਦੂਰ ਰਹਿਣਾ ਪੈਂਦਾ ਹੈ। ਹੋਸਟਲਾਂ ਵਿੱਚ ਇਕੱਠੇ ਰਹਿੰਦੇ ਨੌਜਵਾਨਾਂ ਵਿੱਚ ਨਸ਼ੇ ਕਰਨ ਦੀ ਬਿਮਾਰੀ ਬਹੁਤ ਜਲਦੀ ਫੈਲਦੀ ਹੈ ਕਿਉਂਕਿ ਉੱਥੇ ਉਹਨਾਂ ਨੂੰ ਰੋਕਣ-ਟੋਕਣ ਵਾਲਾ ਕੋਈ ਨਹੀਂ ਹੁੰਦਾ। ਅਜਿਹੇ ਮਾਹੌਲ ਵਿੱਚ ਵਿਦਿਆਰਥੀ ਮਨਮਾਨੀਆਂ ਕਰਦੇ ਹਨ ਅਤੇ ਆਪਣਾ ਭਵਿੱਖ ਤਬਾਹ ਕਰ ਲੈਂਦੇ ਹਨ। ਹੁਣ ਤਾਂ ਔਰਤਾਂ ਅਤੇ ਲੜਕੀਆਂ ਵਿੱਚ ਵੀ ਨਸ਼ਿਆਂ ਦਾ ਰੁਝਾਨ ਵਧਦਾ ਜਾ ਰਿਹਾ ਹੈ। 


ਨਸ਼ੇ ਬਰਬਾਦੀ ਦਾ ਕਾਰਨ

ਜਨਸ਼ੇ ਦਾ ਕਾਰਨ ਕੋਈ ਵੀ ਹੋਵੇ। ਇਹ ਰਸਤਾ ਹੀ ਗ਼ਲਤ ਹੈ। ਜ਼ਿੰਦਗੀ ਦੀਆਂ ਮੁਸੀਬਤਾਂ ਨੂੰ ਸੰਘਰਸ਼ ਨਾਲ ਜਿੱਤਿਆ ਜਾ ਸਕਦਾ ਹੈ, ਨਸ਼ਿਆਂ ਦਾ ਸੇਵਨ ਕਰਕੇ ਨਹੀਂ। ਨਸ਼ਿਆਂ ਦਾ ਸੇਵਨ ਕਰਨਾ ਤਾਂ ਅਸਲੀਅਤ ਤੋਂ ਭੱਜਣਾ ਹੈ। ਕਿਸੇ ਵੀ ਨਸ਼ੇ ਦਾ ਸੁਆਦ ਚੱਖਣ ਲਈ ਉਤੇਜਿਤ ਹੋਣਾ ਆਪਈ ਬਰਬਾਦੀ ਦਾ ਨੀਂਹ-ਪੱਥਰ ਰੱਖਣਾ ਹੈ। ਨਸ਼ਾ ਕਰਨ ਵਾਲੇ ਆਪਣੇ ਸਰੀਰ ਦਾ ਨਾਸ ਤਾਂ ਕਰਦੇ ਹੀ ਹਨ, ਉਹ ਆਪਣੇ ਮਾਪਿਆਂ ਅਤੇ ਬੱਚਿਆਂ ਦੀ ਬਰਬਾਦੀ ਦਾ ਕਾਰਨ ਵੀ ਬਣਦੇ ਹਨ। ਆਮ ਦੇਖਣ ਵਿੱਚ ਆਉਂਦਾ ਹੈ ਕਿ ਨਸ਼ੇੜੀ ਵਿਅਕਤੀ ਨਸ਼ੇ ਦੀ ਲੋੜ ਪੂਰੀ ਕਰਨ ਲਈ ਆਪਣੀ ਜ਼ਮੀਨ-ਜਾਇਦਾਦ ਤੱਕ ਵੇਚ ਦਿੰਦੇ ਹਨ। ਉਹ ਨਸ਼ੇ ਦੀ ਲੋੜ ਪੂਰੀ ਕਰਨ ਲਈ ਘਰ ਦਾ ਜ਼ਰੂਰੀ ਸਮਾਨ ਵੇਚਣ ਲੱਗੇ ਵੀ ਸ਼ਰਮ ਨਹੀਂ ਕਰਦੇ। ਨਸ਼ੇ ਦੀ ਪੂਰਤੀ ਲਈ ਉਹ ਚੋਰੀਆਂ, ਠੱਗੀਆਂ ਅਤੇ ਹੋਰ ਅਨੈਤਿਕ ਕੰਮ ਵੀ ਕਰਨ ਲੱਗਦੇ ਹਨ। ਇਸ ਤਰ੍ਹਾਂ ਨਸ਼ੇੜੀ ਲੋਕਾਂ ਦੇ ਟੱਬਰਾਂ ਨੂੰ ਆਰਥਿਕ ਮੰਦਹਾਲੀ ਦੇ ਨਾਲ-ਨਾਲ ਸਮਾਜਿਕ ਨਮੋਸ਼ੀ ਦਾ ਵੀ ਸਾਮਣਾ ਕਰਨਾ ਪੈਂਦਾ ਹੈ। ਇਸੇ ਲਈ ਕਿਹਾ ਜਾਂਦਾ ਹੈ, “ਜਿਹੜੇ ਘਰ ਵਿੱਚ ਵਰਤੇ ਜਾਣ ਨਸ਼ੇ, ਉਹ ਘਰ ਨਾ ਕਦੇ ਵੱਸੇ। 


ਨਸ਼ੇ ਨਾਮੁਰਾਦ ਬਿਮਾਰੀਆਂ ਦੀ ਜੜ੍ਹ

ਨਸ਼ਾ ਕਰਨ ਵਾਲੇ ਲੋਕ ਕਈ ਕਿਸਮ ਦੀਆਂ ਨਾਮੁਰਾਦ ਬਿਮਾਰੀਆਂ ਨੂੰ ਵੀ ਸੱਦਾ ਦਿੰਦੇ ਹਨ। ਤਮਾਕੂ ਦਾ ਸੇਵਨ ਕਰਨ ਨਾਲ ਮੂੰਹ ਦਾ ਕੈਂਸਰ ਅਤੇ ਸਿਗਰਟ, ਬੀੜੀ ਪੀਣ ਨਾਲ ਫੇਫੜਿਆਂ ਦਾ ਕੈਂਸਰ ਹੋ ਜਾਂਦਾ ਹੈ। ਸ਼ਰਾਬ ਜ਼ਿਆਦਾ ਪੀਣ ਵਾਲਿਆਂ ਦੇ ਗੁਰਦੇ ਅਤੇ ਜਿਗਰ ਖ਼ਰਾਬ ਹੋ ਜਾਂਦੇ ਹਨ। ਦੂਜਿਆਂ ਦੀ ਵਰਤੀ ਹੋਈ ਸੂਈ ਨਾਲ਼ ਨਸ਼ਿਆਂ ਦੇ ਟੀਕੇ ਲਾਉਣ ਵਾਲੇ ਅਚੇਤ ਹੀ ਏਡਜ਼ ਵਰਗਾ ਭਿਆਨਕ ਰੋਗ ਸਹੇੜ ਲੈਂਦੇ ਹਨ। 


ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਜ਼ਰੂਰੀ ਕਦਮ

ਭਾਵੇਂ ਸਰਕਾਰ ਨਸ਼ਿਆਂ ਨੂੰ ਖ਼ਤਮ ਕਰਨ ਲਈ ਯਤਨ ਕਰ ਰਹੀ ਹੈ ਪਰ ਇਸ ਦੇ ਬਾਵਜੂਦ ਨਸ਼ਿਆਂ ਦੀ ਸਮਗਲਿੰਗ ਨੂੰ ਠੱਲ੍ਹ ਨਹੀਂ ਪੈ ਰਹੀ। ਨਸ਼ਿਆਂ ਦਾ ਕਾਰੋਬਾਰ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਬਹੁਤ ਸਾਰੀਆਂ | ਸਮਾਜ-ਸੇਵੀ ਜਥੇਬੰਦੀਆਂ ਵੀ ਨਸ਼ਿਆਂ ਦੇ ਸੇਵਨ ਤੋਂ ਹੋਣ ਵਾਲੇ ਨੁਕਸਾਨਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਹੀਆਂ ਹਨ ਪਰ ਸਮਾਜ ਨੂੰ ਨਸ਼ਾ-ਮੁਕਤ ਕਰਨ ਲਈ ਹੋਰ ਵਧੇਰੇ ਸੁਹਿਰਦ ਯਤਨਾਂ ਦੀ ਜ਼ਰੂਰਤ ਹੈ। ਨਸ਼ਿਆਂ ਦੀ ਵਰਤੋਂ ਘੱਟ ਕਰਨ ਲਈ ਇਹ ਜ਼ਰੂਰੀ ਹੈ ਕਿ ਨਸ਼ਾ ਮਿਲਨਾ ਹੀ ਔਖਾ ਹੋ ਜਾਵੇ। ਵਿਸ਼ੇਸ਼ ਕਰਕੇ ਸਕੂਲਾਂ, ਕਾਲਜਾਂ ਅਤੇ ਹੋਰ ਵਿੱਦਿਅਕ ਸੰਸਥਾਵਾਂ ਦੇ ਨੇੜੇ ਕਿਧਰੇ ਵੀ ਨਸ਼ੇ ਉਪਲਬਧ ਨਹੀਂ ਹੋਣੇ ਚਾਹੀਦੇ। ਮਾਪਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਖੁੱਲ੍ਹਾ ਪੈਸਾ ਦੇਣ ਦੀ ਥਾਂ ਆਪਣਾ ਸਮਾਂ ਦੇਣ ਅਤੇ ਬੱਚਿਆਂ ਦੀ ਸੰਗਤ ਉੱਪਰ ਨਜ਼ਰ ਰੱਖਣ। ਉਹ ਕਿੱਥੇ ਜਾਂਦੇ ਹਨ ਅਤੇ ਕਿਉ ਜਾਂਦੇ ਹਨ, ਇਸ ਗੱਲ ਦੀ ਵੀ ਨਿਗਰਾਨੀ ਰੱਖਣੀ ਚਾਹੀਦੀ ਹੈ। ਸਕੂਲਾਂ ਵਿੱਚ ਵੀ ਨੈਤਿਕ ਸਿੱਖਿਆ ਉੱਪਰ ਵਧੇਰੇ ਜ਼ੋਰ ਦੇਣਾ ਚਾਹੀਦਾ ਹੈ ਅਤੇ ਨਸ਼ਾ ਵਿਰੋਧੀ ਕਲੱਬ ਬਣਾ ਕੇ ਨਸ਼ਿਆਂ ਵਿਰੁੱਧ ਜਾਗਰੂਕਤਾ ਫੈਲਾਉਣ ਦਾ ਯਤਨ ਕਰਨਾ ਚਾਹੀਦਾ ਹੈ। ਕਿਤਾਬੀ ਗਿਆਨ ਦੇ ਨਾਲ-ਨਾਲ ਵਿਦਿਆਰਥੀਆਂ ਦੇ ਸੱਚੇ ਤੇ ਸੁੱਚੇ ਚਰਿੱਤਰ-ਨਿਰਮਾਣ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਉਹਨਾਂ ਦਾ ਮਨੋਬਲ ਏਨਾ ਉੱਚਾ ਹੋਣਾ ਚਾਹੀਦਾ ਹੈ ਕਿ ਉਹ ਲਾਈਲੱਗ ਨਾ ਬਣਨ। ਅਜਿਹੇ ਨੌਜਵਾਨ ਆਪਣੇ ਰਾਹ ਤੋਂ ਨਹੀਂ ਭਟਕਣਗੇ ਅਤੇ ਮਨੁੱਖ ਨੂੰ ਨਾਸ ਕਰਨ ਵਾਲੇ ਨਸ਼ਿਆਂ ਤੋਂ ਬਚੇ ਰਹਿਣਗੇ।

Post a Comment

8 Comments