Punjabi Essay on "Khbar da Mahatva", "ਅਖ਼ਬਾਰ ਦਾ ਮਹੱਤਵ " Punjabi Paragraph-Lekh-Speech for Class 8, 9, 10, 11, 12 Students.

ਅਖ਼ਬਾਰ ਦਾ ਮਹੱਤਵ 
Kkhbar da Mahatva

 



ਅਖ਼ਬਾਰ ਦਾ ਸਾਡੇ ਜੀਵਨ ਵਿੱਚ ਮਹੱਤਵਪੂਰਨ ਸਥਾਨ ਹੈ। ਹਰ ਰੋਜ਼ ਸਵੇਰੇ ਉੱਠਦਿਆਂ ਹੀ ਅਖ਼ਬਾਰ ਦੀ ਉਡੀਕ ਕੀਤੀ ਜਾਂਦੀ ਹੈ। ਕੁਝ ਲੋਕਾਂ ਨੂੰ ਸਵੇਰੇ ਅਖ਼ਬਾਰ ਵੇਖੇ ਬਿਨਾਂ ਕੁਝ ਵੀ ਚੰਗਾ ਨਹੀਂ ਲੱਗਦਾ। ਉਹ ਚਾਹ ਦਾ ਕੱਪ ਪੀਣ ਤੋਂ ਪਹਿਲਾਂ ਅਖ਼ਬਾਰ ਦੀ ਮੰਗ ਕਰਦੇ ਹਨ। ਸ਼ਹਿਰਾਂ ਵਿੱਚ ਵਿਸ਼ੇਸ਼ ਕਰਕੇ ਪੜੇ-ਲਿਖੇ ਪਰਿਵਾਰਾਂ ਵਿੱਚ ਅਖ਼ਬਾਰ ਪੜਨਾ ਨਿੱਤ ਦੇ ਜੀਵਨ ਦਾ ਇੱਕ ਜ਼ਰੂਰੀ ਅੰਗ ਬਣ ਗਿਆ ਹੈ। 


ਖ਼ਬਰਾਂ ਨੂੰ ਵਧੀਆ ਢੰਗ ਨਾਲ ਪੜ੍ਹਨ ਦਾ ਸਾਧਨ

ਮਨੁੱਖ ਵਿੱਚ ਦੂਜਿਆਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੀ ਇੱਛਾ ਬੜੀ ਪ੍ਰਬਲ ਹੁੰਦੀ ਹੈ। ਅਖ਼ਬਾਰ ਮੁੱਖ ਤੌਰ 'ਤੇ ਮਨੁੱਖ ਦੀ ਇਸ ਇੱਛਾ ਨੂੰ ਵੀ ਪੂਰਾ ਕਰਦਾ ਹੈ। ਅਖ਼ਬਾਰ ਸਾਨੂੰ ਦੂਰ-ਨੇੜੇ ਦੀਆਂ ਭਾਂਤ-ਭਾਂਤ ਦੀਆਂ | ਖ਼ਬਰਾਂ ਦਿੰਦਾ ਹੈ। ਰੇਡੀਓ, ਟੈਲੀਵੀਜ਼ਨ ਆਦਿ ਸੰਚਾਰ-ਸਾਧਨ ਵੀ ਅਜਿਹੀਆਂ ਖ਼ਬਰਾਂ ਅਤੇ ਸੂਚਨਾਵਾਂ ਦਿੰਦੇ ਹਨ ਪਰ ਜੋ ਤਸੱਲੀ ਅਖ਼ਬਾਰ ਪੜ੍ਹ ਕੇ ਹੁੰਦੀ ਹੈ, ਉਹ ਹੋਰ ਕਿਸੇ ਤਰ੍ਹਾਂ ਨਹੀਂ ਹੁੰਦੀ। ਵੱਖ-ਵੱਖ ਅਖ਼ਬਾਰ ਖ਼ਬਰਾਂ ਨੂੰ ਵੱਖ-ਵੱਖ ਢੰਗਾਂ ਨਾਲ ਪੇਸ਼ ਕਰਕੇ ਅਤੇ ਨਾਲ ਹੀ ਆਪਣੀਆਂ ਟਿੱਪਣੀਆਂ ਦੇ ਕੇ ਰੋਚਕ ਅਤੇ ਮਹੱਤਵਪੂਰਨ ਬਣਾ ਦਿੰਦੇ ਹਨ। ਫਿਰ, ਮੌਜ ਇਹ ਹੈ ਕਿ ਅਖ਼ਬਾਰ ਜਦੋਂ ਫੁਰਸਤ ਮਿਲੇ, ਉਸ ਵੇਲੇ ਪੜ੍ਹ ਲਓ। ਕੁਝ ਲੋਕ ਅਖ਼ਬਾਰ ਦੀਆਂ ਮੋਟੀਆਂ-ਮੋਟੀਆਂ ਖ਼ਬਰਾਂ ਵੇਖ ਕੇ ਸੰਤੁਸ਼ਟ ਹੋ ਜਾਂਦੇ ਹਨ। ਜਿਨ੍ਹਾਂ ਕੋਲ ਵਿਹਲ ਹੈ ਉਹ ਖ਼ਬਰਾਂ ਨੂੰ ਵੇਰਵੇ ਸਹਿਤ ਪੜ੍ਹਦੇ ਤੇ ਨਿੱਸਲ ਹੁੰਦੇ ਹਨ। ਅਖ਼ਬਾਰ ਘਟਨਾਵਾਂ ਅਤੇ ਮਸਲਿਆਂ ਨੂੰ ਚੰਗੀ ਤਰ੍ਹਾਂ ਸਮਝਣ ਵਿੱਚ ਮਦਦ ਕਰਦੇ ਹਨ। ਅਖ਼ਬਾਰ ਕੇਵਲ ਪਾਠਕਾਂ ਤੱਕ ਹੀ ਸਮਗਰੀ ਨਹੀਂ ਪੁਚਾਉਂਦਾ ਸਗੋਂ ਸੰਪਾਦਕ ਦੀ ਡਾਕ ਸਿਰਲੇਖ ਹੇਠ ਛਪਦੇ ਕਾਲਮਾਂ ਵਿੱਚ ਪੱਤਰਾਂ ਦੇ ਰੂਪ ਵਿੱਚ ਪਾਠਕਾਂ ਦੀਆਂ ਰਾਵਾਂ, ਸ਼ਿਕਾਇਤਾਂ ਅਤੇ ਔਕੜਾਂ ਨੂੰ ਸਰਕਾਰ ਜਾਂ ਹੋਰ ਸੰਬੰਧਿਤ ਅਦਾਰਿਆਂ ਅੱਗੇ ਪੇਸ਼ ਕਰਦਾ ਹੈ। 


ਸਰਕਾਰ ਦੇ ਕੰਮਾਂ ਸਹੀ ਸੂਚਨਾ

ਅਖ਼ਬਾਰ ਜਨਤਾ ਅਤੇ ਸਰਕਾਰ ਜਾਂ ਹੋਰ ਸੰਸਥਾਵਾਂ ਵਿਚਕਾਰ ਇੱਕ ਪੁਲ ਦਾ ਕੰਮ ਦਿੰਦਾ ਹੈ। ਸਰਕਾਰ ਲੋਕਾਂ ਲਈ ਕੀ ਸੋਚਦੀ ਹੈ, ਕੀ ਕਰਦੀ ਹੈ ਅਤੇ ਕਿੱਥੇ ਸਫਲ ਜਾਂ ਅਸਫਲ ਰਹੀ ਹੈ, ਬਾਰੇ ਜਨਤਾ ਨੂੰ ਦੱਸਦਾ ਹੈ। ਦੂਜੇ ਪਾਸੇ ਸਰਕਾਰ ਦੇ ਕੰਮਾਂ ਬਾਰੇ ਜਨਤਾ ਦਾ ਰੌਂ ਵੀ ਪ੍ਰਗਟਾਉਂਦਾ ਹੈ। 


ਅਖ਼ਬਾਰ ਗਿਆਨ ਦਾ ਸੋਮਾ

ਮੁੱਖ ਤੌਰ 'ਤੇ ਅਖ਼ਬਾਰ ਨੂੰ ਖ਼ਬਰਾਂ ਦੀ ਜਾਣਕਾਰੀ ਲਈ ਪੜ੍ਹਿਆ ਜਾਂਦਾ ਹੈ। ਫਿਰ ਵੀ ਹਰ ਪਾਠਕ ਆਪਣੀ ਰੂਚੀ ਅਨੁਸਾਰ ਹੋਰ ਵੀ ਬਹੁਤ ਕੁਝ ਅਖ਼ਬਾਰ ਵਿੱਚੋਂ ਵੇਖਦਾ ਹੈ। ਉਦਾਹਰਨ ਲਈ ਖੇਡ-ਪ੍ਰੇਮੀ ਖੇਡਾਂ ਬਾਰੇ ਅਤੇ ਮਨੋਰੰਜਨ ਦੇ ਸ਼ੁਕੀਨ ਮਨੋਰੰਜਨ ਬਾਰੇ ਵੇਖਦੇ ਹਨ। ਕਹਿਣ ਤੋਂ ਭਾਵ ਇਹ ਹੈ ਕਿ ਅਖ਼ਬਾਰ ਵਿੱਚ ਖ਼ਬਰਾਂ ਤੋਂ ਬਿਨਾਂ ਇੰਨੀ ਕਿਸਮ ਦੀ ਸਮਗਰੀ ਛਪਦੀ ਹੈ ਕਿ ਇਹ ਨਿੱਤ ਦੇ ਆਮ ਗਿਆਨ ਦਾ ਮੁੱਖ ਸੋਮਾ ਬਣ ਗਏ ਹਨ। 


ਵੱਖ-ਵੱਖ ਅਖ਼ਬਾਰਾਂ ਦਾ ਵੱਖਰਾ ਦ੍ਰਿਸ਼ਟੀਕੋਣ

 ਕੁਝ ਲੋਕ ਇੱਕ ਤੋਂ ਵੱਧ ਅਖ਼ਬਾਰਾਂ ਪੜ੍ਹਨਾ ਚਾਹੁੰਦੇ ਹਨ। ਇਸ ਦਾ ਕਾਰਨ ਇਹ ਹੈ ਕਿ ਹਰ ਅਖ਼ਬਾਰ ਭਾਵੇਂ ਉਹ ਕਿੰਨਾ ਹੀ ਸੁਤੰਤਰ ਹੋਵੇ, ਉਸ ਦਾ ਆਪਣਾ ਦ੍ਰਿਸ਼ਟੀਕੋਣ ਹੁੰਦਾ ਹੈ। ਕਿਸੇ ਮਸਲੇ ਨੂੰ ਭਿੰਨ-ਭਿੰਨ ਦ੍ਰਿਸ਼ਟੀਕੋਣਾਂ ਤੋਂ ਸਮਝਣ ਲਈ ਵੱਧ ਤੋਂ ਵੱਧ ਅਖ਼ਬਾਰ ਪੜ੍ਹਨ ਦੀ ਚਾਹ ਹੁੰਦੀ ਹੈ ਤਾਂ ਵੀ ਪਾਠਕ ਲਈ ਕੋਈ ਇੱਕ ਅਖ਼ਬਾਰ ਆਦਤ ਬਣ ਜਾਂਦਾ ਹੈ। ਉਹ ਇਸ ਅਖ਼ਬਾਰ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੁੰਦਾ ਹੈ। ਇਸ ਲਈ ਕਈ ਵਾਰੀ ਕਿਸੇ ਵਿਅਕਤੀ ਦੀ ਸੋਚਈ ਦਾ ਪਤਾ ਉਸ ਦੇ ਮਨਭਾਉਂਦੇ ਅਖ਼ਬਾਰ ਤੋਂ ਲੱਗਦਾ ਹੈ। 


ਅਖ਼ਬਾਰਾਂ ਦੇ ਵਰਗ

ਅਖ਼ਬਾਰਾਂ ਦੇ ਛਪਣ ਦੀ ਗਿਣਤੀ ਜਾਂ ਉਹਨਾਂ ਦੁਆਰਾ ਅਪਣਾਏ ਮਿਆਰਾਂ ਤੋਂ ਅਖ਼ਬਾਰਾਂ ਦੇ ਕਈ ਵਰਗ ਬਣ ਜਾਂਦੇ ਹਨ। ਕੁਝ ਅਖ਼ਬਾਰ ਕਿਸੇ ਖ਼ਾਸ ਖੇਤਰ ਦੀਆਂ ਲੋੜਾਂ ਨੂੰ ਪੂਰਾ ਕਰਦੇ ਹਨ ਅਤੇ ਕੁਝ ਦੇਸ-ਪੱਧਰ ਦੇ ਅਖ਼ਬਾਰ ਹੁੰਦੇ ਹਨ। ਇਸੇ ਤਰ੍ਹਾਂ ਕੁਝ ਅਖ਼ਬਾਰ ਸਨਸਨੀਖੇਜ਼ ਤੇ ਹੈਰਾਨੀਜਨਕ ਖ਼ਬਰਾਂ ਦਿੰਦੇ ਹਨ ਅਤੇ ਕੁਝ ਠੋਸ ਤੇ ਮਿਆਰੀ ਖ਼ਬਰਾਂ। ਕੁਝ ਅਖ਼ਬਾਰਾਂ ਦਾ | ਅਜਿਹਾ ਮਿਆਰ ਹੁੰਦਾ ਹੈ ਕਿ ਉਹਨਾਂ ਦੀਆਂ ਖ਼ਬਰਾਂ ਦਾ ਹਰ ਵਰਗ ਵਿੱਚ ਬੜਾ ਗੰਭੀਰ ਨੋਟਿਸ ਲਿਆ ਜਾਂਦਾ ਹੈ। ਅਖ਼ਬਾਰ ਲੋਕਾਂ ਦੀ ਰਾਏ ਬਣਾਉਣ ਵਿੱਚ ਖਾਸ ਹਿੱਸਾ ਪਾਉਂਦੇ ਹਨ। ਇਸ ਲਈ ਸਰਕਾਰ ਵੀ ਅਖ਼ਬਾਰਾਂ ਨੂੰ ਖਾਸ ਅਹਿਮੀਅਤ ਦਿੰਦੀ ਹੈ। ਅਖ਼ਬਾਰਾਂ ਵਿੱਚ ਛਪੀਆਂ ਲੋਕਾਂ ਦੀਆਂ ਔਕੜਾਂ ਨੂੰ ਉਹ ਛੇਤੀ ਤੋਂ ਛੇਤੀ ਦੂਰ ਕਰਦੀ ਹੈ। ਇਸ ਤਰ੍ਹਾਂ ਅਖ਼ਬਾਰ ਲੋਕਾਂ ਲਈ ਲਾਹੇਵੰਦ ਹੁੰਦੇ ਹਨ। ਲੋਕਰਾਜ ਵਿੱਚ ਵੱਖ-ਵੱਖ ਵਿਚਾਰਧਾਰਾ ਵਾਲੀਆਂ ਪਾਰਟੀਆਂ ਹੁੰਦੀਆਂ ਹਨ ਅਤੇ ਹਰ ਪਾਰਟੀ ਆਪਣਾ ਅਖ਼ਬਾਰ ਚਲਾ ਕੇ ਆਪਣੀ ਵਿਚਾਰਧਾਰਾ ਦਾ ਪ੍ਰਚਾਰ ਕਰਨਾ ਚਾਹੁੰਦੀ ਹੈ। 


ਮਸ਼ੀਨਾਂ ਰਾਹੀਂ ਅਖ਼ਬਾਰਾਂ ਦੀ ਛਪਾਈ

ਅੱਜ-ਕੱਲ੍ਹ ਅਖ਼ਬਾਰ ਕੱਢਣ ਦੇ ਖੇਤਰ ਵਿੱਚ ਬੜੀ ਤਰੱਕੀ ਹੋਈ ਹੈ। ਅਖ਼ਬਾਰ ਦੇ ਦਫ਼ਤਰਾਂ ਵਿੱਚ ਪਏ ਟੈਲੀਪ੍ਰਿੰਟਰਾਂ ਰਾਹੀਂ ਸੰਸਾਰ ਦੇ ਹਰ ਕੋਨੇ ਵਿੱਚ ਹਰ ਪਲ ਖ਼ਬਰਾਂ ਆਪਣੇ ਆਪ ਟਾਈਪ ਹੁੰਦੀਆਂ ਰਹਿੰਦੀਆਂ ਹਨ। ਹਰ ਮੁੱਖ ਸ਼ਹਿਰ ਵਿੱਚ ਬੈਠੇ ਪੱਤਰ ਪ੍ਰੇਰਕ ਵਾਪਰਦੀਆਂ ਛੋਟੀਆਂ-ਵੱਡੀਆਂ ਘਟਨਾਵਾਂ ਦੇ ਵੇਰਵੇ ਦਿਨ-ਰਾਤ ਭੇਜਦੇ ਰਹਿੰਦੇ ਹਨ। ਛਪਾਈ ਦੀਆਂ ਅਜਿਹੀਆਂ ਮਸ਼ੀਨਾਂ ਤਿਆਰ ਹੋ ਗਈਆਂ ਹਨ ਜਿਹੜੀਆਂ ਕੁਝ ਘੰਟਿਆਂ ਵਿੱਚ ਹੀ ਕਿੰਨੇ ਪੰਨਿਆਂ ਦੇ ਅਖ਼ਬਾਰ ਲੱਖਾਂ ਦੀ ਗਿਣਤੀ ਵਿੱਚ ਬਿਨਾਂ ਗ਼ਲਤੀ ਤੋਂ ਛਾਪ ਦਿੰਦੀਆਂ ਹਨ। ਕਮਾਲ ਦੀ ਗੱਲ ਇਹ ਹੈ ਕਿ ਅਖ਼ਬਾਰ ਦੀ ਤਹਿ ਲਾ ਕੇ ਗਿਣਤੀ ਕਰਨ ਦਾ ਕੰਮ ਵੀ ਮਸ਼ੀਨਾਂ ਕਰਦੀਆਂ ਹਨ। 


ਅਖ਼ਬਾਰਾਂ ਦੀ ਵੰਡ ਦਾ ਕੰਮ

 ਪਾਠਕ ਨੂੰ ਅਖ਼ਬਾਰ ਆਪਣੇ ਘਰ ਸਵੇਰੇ ਹੀ ਮਿਲ ਜਾਂਦਾ ਹੈ। ਅਖ਼ਬਾਰ ਦੇ ਦਫ਼ਤਰ ਤੋਂ ਅਖ਼ਬਾਰਾਂ ਨੂੰ ਘਰੋ-ਘਰੀ ਪਹੁੰਚਾਉਣ ਦਾ ਇੱਕ ਖ਼ਾਸ ਪ੍ਰਬੰਧ ਹੈ। ਆਮ ਤੌਰ 'ਤੇ ਅਖ਼ਬਾਰ ਰਾਤ ਨੂੰ ਛਪਦੇ ਹਨ। ਫਿਰ ਰਾਤੋ-ਰਾਤ ਬੱਸਾਂ, ਰੇਲਗੱਡੀਆਂ, ਹਵਾਈ ਜਹਾਜ਼ਾਂ ਰਾਹੀਂ ਦੂਰ-ਦੁਰਾਡੇ ਦੇ ਸ਼ਹਿਰਾਂ ਤੇ ਕਸਬਿਆਂ ਵਿੱਚ ਪਹੁੰਚ ਜਾਂਦੇ ਹਨ। ਅੱਗੋਂ ਅਖ਼ਬਾਰਾਂ ਦੇ ਏਜੈਂਟ ਅਖ਼ਬਾਰ ਵੰਡਣ ਵਾਲਿਆਂ ਨੂੰ ਘਰੋ-ਘਰੀ ਅਖ਼ਬਾਰ ਪਹੁੰਚਾਉਣ ਲਈ ਦੇ ਦਿੰਦੇ ਹਨ। ਇਹ ਕੰਮ ਮੀਂਹ ਅਤੇ ਹਨੇਰੀ, ਹਰ ਰੁੱਤ ਤੇ ਮੌਸਮ ਵਿੱਚ ਹਰ ਰੋਜ਼ | ਨਿਰਵਿਘਨ ਹੁੰਦਾ ਰਹਿੰਦਾ ਹੈ। ਕੁਝ ਵੱਡੇ ਸ਼ਹਿਰਾਂ ਵਿੱਚ ਅਖ਼ਬਾਰ ਸ਼ਾਮ ਨੂੰ ਵੀ ਨਿਕਲਦੇ ਹਨ। ਖਾਸ ਘਟਨਾਵਾਂ ਵਾਪਰਨ 'ਤੇ ਅਖ਼ਬਾਰਾਂ ਦੇ ਵਿਸ਼ੇਸ਼ ਅੰਕ ਵੀ ਛਪਦੇ ਹਨ। ਸਮੁੱਚੇ ਰੂਪ ਵਿੱਚ ਕਿਹਾ ਜਾ ਸਕਦਾ ਹੈ ਕਿ ਅੱਜ ਦੇ ਯੁੱਗ ਵਿੱਚ ਅਖ਼ਬਾਰ ਇੱਕ ਵੱਡੀ ਲੋੜ ਹੈ।




Post a Comment

1 Comments