Sharda Script "ਸ਼ਾਰਦਾ ਲਿਪੀ " Learn Punjabi Language and Grammar for Class 8, 9, 10, 12, BA and MA Students.

ਸ਼ਾਰਦਾ ਲਿਪੀ 
Sharda Script



ਜਿਵੇਂ ਕਿ ਉੱਪਰ ਲਿਖਿਆ ਹੈ ਸ਼ਾਰਦਾ ਲਿਪੀ ਟਿਲ ਲਿਪੀ ਤੋਂ ਨਿਕਲੀ ਹੈ ਅਤੇ ਕੁਟਿਲ ਲਿਪੀ ਖੁਦ ਆਪ ਬਾਹਮੀ ਲਿਪੀ ਦੀ ਸੰਤਾਨ ਹੈ । ਸ਼ਾਰਦਾ ਲਿਪੀ ਕਸ਼ਮੀਰ ਅਤੇ ਉੱਤਰ-ਪੱਛਮੀ ਭਾਰਤ ਦੇ ਇੱਕ ਵੱਡੇ ਭਾਗ ਦੀ ਹਰਮਨ ਪਿਆਰੀ ਲਿਪੀ ਰਹੀ ਹੈ। ਇਸ ਤੋਂ ਹੀ ਕਸ਼ਮੀਰ ਦੀ ਅਜੋਕੀ ਸ਼ਾਰਦਾ, ਹਿਮਾਚਲ ਪ੍ਰਦੇਸ਼ ਦੀ ਟਾਕਰੀ ਅਤੇ ਪੰਜਾਬ ਦੀ ਗੁਰਮੁਖੀ ਲਿਪੀ ਉਤਪੰਨ ਹੋਈਆਂ ਹਨ।

ਬਿਉਹਲਰ ਅਨੁਸਾਰ ਕਸ਼ਮੀਰ ਵਾਦੀ ਵਿੱਚ ਸ਼ਾਰਦਾ ਲਿਪੀ ਦਾ ਸਭ ਤੋਂ ਪਹਿਲੇ ਅੱਖਰ ਉਤਪਲ ਰਾਜਘਰਾਣੇ ਦੇ ਸਿੱਕਿਆਂ ਵਿੱਚ ਮਿਲਦੇ ਹਨ ਜਿਨ੍ਹਾਂ ਦਾ ਸਮਾਂ ਨੌਵੀਂ ਦਸਵੀਂ ਸਦੀ ਹੈ। ਚੰਬਾ ਸਟੇਟ ਦੇ ਪਿੰਡ ਸਰਾਹਾਂ ਵਿੱਚ ਵੀ ਡਾ. ਗੁਣਾਕਾਰ ਮੂਲੇ ਅਤੇ ਡਾ. ਤਰਲੋਚਨ ਸਿੰਘ ਬੇਦੀ ਦੇ ਅਨੁਸਾਰ ਸਭ ਤੋਂ ਪੁਰਾਣੇ ਸ਼ਾਰਦਾ ਅੱਖਰ ਮਿਲੇ ਹਨ। ਇਹਨਾਂ ਦਾ ਸਮਾਂ ਨੌਵੀਂ ਦਸਵੀਂ ਸਦੀ ਈ. ਮੰਨਿਆ ਜਾਂਦਾ ਹੈ। ਇਸ ਤੋਂ ਬਿਨਾਂ ਕਾਂਗੜਾ ਵਾਦੀ ਵਿੱਚ ਸ਼ਾਰਦਾ ਲਿਪੀ ਦੇ ਅਭਿਲੇਖ ਪ੍ਰਾਪਤ ਹੋਏ ਹਨ। ਇਸ ਪ੍ਰਕਾਰ ਸ਼ਾਰਦਾ ਲਿਪੀ ਦੀ ਵਰਤੋਂ ਨਾ ਕੇਵਲ ਕਸ਼ਮੀਰ ਤੇ ਪੰਜਾਬ ਵਿੱਚ ਹੀ ਹੋਈ ਹੈ ਸਗੋਂ ਗਾਂਧਾਰ (ਕੰਧਾਰ), ਜੰਮੂ, ਚੰਬਾ, ਸਟੇਟ, ਕਾਂਗੜਾ ਅਤੇ ਮੌਜੂਦਾ ਹਰਿਆਣਾ ਦੇਸ਼ ਵਿੱਚ ਹੁੰਦੀ ਰਹੀ ਹੈ।

ਸ਼ਾਰਦਾ ਸਰਸਵਤੀ ਦਾ ਨਾਂ ਹੈ ਜੋ ਵਿੱਦਿਆ ਦੀ ਦੇਵੀ ਹੈ। ਇਸੇ ਦੇਵੀ ਦੇ ਨਾਂ ਤੇ ਕਸ਼ਮੀਰ ਦਾ ਨਾਂ “ਸ਼ਾਰਦਾ ਮੰਡਲ ਪਿਆ ਸੀ। ਇਸੇ ਕਰਕੇ ਕਸ਼ਮੀਰ ਦੀ ਪ੍ਰਾਚੀਨ ਲਿਪੀ ਨੂੰ ਸ਼ਾਰਦਾ ਲਿਪੀ ਕਿਹਾ ਜਾਂਦਾ ਰਿਹਾ ਹੈ ਜੋ ਅੱਜ ਤੱਕ ਕਿਸੇ ਨਾ ਕਿਸੇ ਰੂਪ ਵਿੱਚ ਪ੍ਰਚਲਿਤ ਹੈ। ਕਸ਼ਮੀਰ ਵਾਦੀ ਵਿੱਚ ਸ਼ਾਰਦਾ ਦਾ ਪ੍ਰਯੋਗ ਹੁਣ ਤੱਕ ਵੀ ਕੇਵਲ ਧਾਰਮਿਕ ਬਜ਼ੁਰਗ ਕਰਦੇ ਹਨ ਪਰ ਹੁਣ ਕਸ਼ਮੀਰ ਦੀ ਸਰਕਾਰ ਨੇ ਅਜੋਕੀ ਸ਼ਾਰਦਾ ਨੂੰ ਬੰਦ ਕਰਕੇ ਉਸ ਦੀ ਥਾਂ ਉਰਦੂ ਨੂੰ ਸਥਾਪਿਤ ਕਰ ਦਿੱਤਾ ਹੈ। ਦਸਵੀਂ ਸਦੀ ਦੇ ਨੇੜੇ ਤੇੜੇ ਤੋਂ ਕਸ਼ਮੀਰ, ਕਾਂਗੜਾ, ਪੰਜਾਬ ਆਦਿ ਵਿੱਚ ਸ਼ਾਰਦਾ ਲਿਪੀ ਵਿੱਚ ਇਲਾਕਾਈ ਅੰਤਰ ਦਿਖਾਈ ਦੇਣੇ ਸ਼ੁਰੂ ਹੋ ਗਏ ਸਨ ਅਤੇ ਸ਼ਾਰਦਾ ਦਾ ਅਗਲਾ ਵਿਕਾਸ ਸ਼ੁਰੂ ਹੋਣ ਲੱਗ ਪਿਆ ਸੀ। ਸ਼ਾਰਦਾ ਦੇ ਅਗਲੇ ਵਿਕਸਿਤ ਰੂਪ ਨੂੰ ਪਿਛਲੀ ਸ਼ਾਰਦਾ ਕਿਹਾ ਜਾਂਦਾ ਹੈ। ਇਸੇ ਪਿਛਲੀ ਸ਼ਾਰਦਾ ਤੋਂ ਹੀ ਸਿੱਧਮਾਤਰਿਕਾ, ਭੁੱਟਅੱਛਰੀ, ਅਰਧਨਾਗਰੀ, ਟਾਕਰੀ, ਲੰਡੇ ਅਤੇ ਗੁਰਮੁਖੀ ਲਿਪੀਆਂ ਨਿਕਲੀਆਂ ਹਨ ਜੋ ਕਸ਼ਮੀਰ ਤੋਂ ਲੈ ਕੇ ਹਰਿਆਣਾ ਤੱਕ ਵੱਖ ਵੱਖ ਇਲਾਕਿਆਂ ਵਿੱਚ ਪ੍ਰਚਲਿਤ ਹੋਈਆਂ ਹਨ। ਇਹਨਾਂ ਸਾਰੀਆਂ ਲਿਪੀਆਂ ਦੇ ਸਾਂਝੇ ਇੱਕ ਮੁਲਤ ਦੀ ਗਵਾਹੀ ਇਸ ਤੱਥ ਤੋਂ ਮਿਲਦੀ ਹੈ ਕਿ ਇਹਨਾਂ ਵਿੱਚ ਅਜੋਕੇ ਅੱਖਰਾਂ ਦੀ ਨੇੜੇ ਦੀ ਸਾਂਝ ਤੇ ਸਮਾਨਤਾ ਕਾਫ਼ੀ ਮਾਤਰਾ ਵਿੱਚ ਮਿਲਦੀ ਹੈ।

ਬਾਹਮੀ ਲਿਪੀ-ਪਰਿਵਾਰ ਦਾ ਰੇਖਾ-ਚਿੱਤਰ ਹੇਠ ਦਿੱਤਾ ਹੈ :

ਬਾਹਮੀ ਲਿਪੀ

ਉੱਤਰ ਸ਼ੈਲੀ ਦੱਖਣੀ ਸ਼ੈਲੀ

ਗੁਪਤ ਲਿਪੀ

ਕੁਟਿਲ ਲਿਪੀ

ਦੇਵ ਨਾਗਰੀ-ਸਾਰਦਾ

ਲੰਡੋ-ਟਾਕਰੀ-ਅਰਧਨਾਗਰੀ-ਗੁਰਮੁਖੀ


Post a Comment

0 Comments