ਪੰਜਾਬੀ ਭਾਸ਼ਾ - Punjabi Language
ਪੰਜਾਬੀ ਭਾਸ਼ਾ ਦਾ ਮਹੱਤਵ
Punjabi Bhasha ds Mahatva
ਪੰਜਾਬੀ, ਪੰਜਾਬ ਦੇ ਲੋਕਾਂ ਦੀ ਭਾਸ਼ਾ ਹੈ। ਪੰਜਾਬ ਦੇ ਲੋਕ ਆਪਣੇ ਪਰਿਵਾਰਾਂ ਘਰਾਂ, ਗਲੀਆਂ-ਮੁਹੱਲਿਆਂ ਅਤੇ ਸੱਥਾਂ-ਪਰਿਆਂ ਵਿੱਚ ਪੰਜਾਬੀ ਭਾਸ਼ਾ ਹੀ ਬੋਲਦੇ ਹਨ। ਸਾਨੂੰ ਮਾਂ ਦੇ ਦੁੱਧ ਨਾਲ ਹੀ ਪੰਜਾਬੀ ਦੀ ਗੁੜਤੀ ਮਿਲਦੀ ਹੈ ਅਤੇ ਅਸੀਂ ਛੋਟੀ ਉਮਰ ਵਿੱਚ ਹੀ ਮਾਪਿਆਂ, ਭੈਣਾਂ-ਭਰਾਵਾਂ ਅਤੇ ਸ਼ਰੀਕੇ-ਕਬੀਲੇ ਦੇ ਬੰਦਿਆਂ ਤੋਂ ਪੰਜਾਬੀ ਬੋਲਣਾ ਤੇ ਸਮਝਣਾ ਸਿੱਖ ਲੈਂਦੇ ਹਾਂ। ਬਚਪਨ ਤੋਂ ਹੀ ਅਸੀਂ ਪੰਜਾਬੀ ਵਿੱਚ ਸੋਚਦੇ, ਗੱਲ-ਬਾਤ ਕਰਦੇ ਅਤੇ ਨਿਤਾਪ੍ਰਤ ਕਾਰ-ਵਿਹਾਰ ਨੂੰ ਚਲਾਉਂਦੇ ਰਹਿੰਦੇ ਹਾਂ। ਫੇਰ ਵੱਡੇ ਹੋ ਕੇ ਵੀ ਅਸੀਂ ਸਕੂਲਾਂ-ਕਾਲਜਾਂ ਵਿੱਚ ਪੰਜਾਬੀ ਦੇ ਸਹਾਰੇ ਵਿੱਦਿਆ ਗ੍ਰਹਿਣ ਕਰਦੇ ਹਾਂ। ਹੋਰ ਤਾਂ ਹੋਰ, ਸਾਡੀਆਂ ਰੀਤਾਂ ਤੇ ਰਸਮਾਂ, ਮੇਲੇ ਤੇ ਤਿਉਹਾਰ, ਮੰਨਤਾਂ ਤੇ ਮਨੌਤਾਂ, ਸਾਡਾ ਗੀਤ-ਸੰਗੀਤ, ਸਾਡੇ ਕਿੱਸੇ-ਕਹਾਣੀਆਂ ਸਾਰਾ ਕੁਝ ਪੰਜਾਬੀ ਦੇ ਆਸਰੇ ਹੀ ਪੂਰਾ ਹੁੰਦਾ ਹੈ। ਇਸ ਤੋਂ ਵੀ ਅੱਗੇ ਸਾਡੇ ਆਲੇ-ਦੁਆਲੇ ਅਤੇ ਦੂਰ-ਦੂਰ ਤੱਕ ਜੋ ਵੀ ਸੰਸਾਰ ਪਸਰਿਆ ਹੋਇਆ ਹੈ, ਉਸ ਨਾਲ ਸਾਡੀ ਸਾਂਝ ਤੇ ਜਾਣ-ਪਛਾਣ ਪੰਜਾਬੀ ਰਾਹੀਂ ਹੀ ਹੁੰਦੀ ਹੈ। ਗੱਲ ਕੀ ਗੁੱਸੇ ਤੇ ਪਿਆਰ ਵਿੱਚ, ਰੋਣੇ ਤੇ ਹਾਸੇ ਵਿੱਚ, ਖ਼ੁਸ਼ੀ ਤੇ ਗ਼ਮੀ ਵਿੱਚ ਪੰਜਾਬੀ ਬੋਲੀ ਹੀ ਸਾਡਾ ਸਹਾਰਾ ਹੁੰਦੀ ਹੈ। ਜਦੋਂ ਅਸੀਂ ਪਹਿਲਾ ਕਦਮ ਚੁੱਕਦੇ ਹਾਂ, ਕੋਈ ਪੁਲਾਂਘ ਪੁੱਟਦੇ ਹਾਂ, ਖਾਂਦੇ-ਪੀਂਦੇ ਜਾਂ ਸੌਂਦੇ-ਜਾਗਦੇ ਹਾਂ, ਉਦੋਂ ਵੀ ਪੰਜਾਬੀ ਬੋਲੀ ਸਾਡੇ ਅੰਗ-ਸੰਗ ਹੁੰਦੀ ਹੈ। ਇਸ ਤਰ੍ਹਾਂ ਅਸੀਂ ਘਰ ਵਿੱਚ ਤੇ ਸਮਾਜ ਵਿੱਚ, ਦਿਲ ਵਿੱਚ ਤੇ ਦਿਮਾਗ਼ ਵਿੱਚ ਜਿੱਥੇ-ਜਿੱਥੇ ਵੀ ਕੁਝ ਸੋਚਦੇ ਤੇ ਚਿਤਵਦੇ ਹਾਂ, ਉੱਥੇ-ਉੱਥੇ ਪੰਜਾਬੀ ਦੇ ਬੋਲ ਗੂੰਜਦੇ ਹਨ। | ਜਦੋਂ ਕਦੇ ਅਸੀਂ ਕੋਈ ਹੋਰ ਬੋਲੀ ਬੋਲਦੇ ਹਾਂ ਤਾਂ ਉਸ ਵਿੱਚ ਵੀ ਪੰਜਾਬੀ ਦੀਆਂ ਮਹਿਕਾਂ ਮਹਿਕ ਜਾਂਦੀਆਂ ਹਨ। ਅਸੀਂ ਹਿੰਦੀ, ਉਰਦੂ ਜਾਂ ਅੰਗਰੇਜ਼ੀ ਬੋਲਣ ਵੇਲੇ ਕਿੰਨਾ ਵੀ ਜ਼ੋਰ ਲਾਈਏ ਪਰ ਪੰਜਾਬੀ ਨੂੰ ਨਹੀਂ ਭੁੱਲ ਸਕਦੇ। ਉੱਥੇ ਵੀ ਕੋਈ ਸੁਰ, ਕੋਈ ਤਾਨ, ਕੋਈ ਧੁਨੀ ਜਾਂ ਕੋਈ ਬੱਲ ਮੱਲੋ-ਮੱਲੀ ਪੰਜਾਬੀ ਭਾਸ਼ਾ ਦਾ ਆ ਹਾਜ਼ਰ ਹੁੰਦਾ ਹੈ। ਇਸ ਤਰ੍ਹਾਂ ਸਾਡਾ ਭਾਈਚਾਰਾ, ਸਾਡਾ ਸੱਭਿਆਚਾਰ ਤੇ ਪਰਿਵਾਰ ਪੰਜਾਬੀ ਵਿੱਚ ਹੀ ਉੱਸਰਦਾ ਅਤੇ ਪੰਜਾਬੀ ਵਿੱਚ ਹੀ ਫੁੱਲਦਾ ਹੈ ਅਤੇ ਇਸੇ ਵਹਿਣ ਵਿੱਚ ਹੀ ਅਸੀਂ ਭਰਪੂਰ ਜੀਵਨ ਜਿਉਂਦੇ ਹਾਂ ਤਾਂ ਫਿਰ ਸਾਡੇ ਲੂੰ-ਲੂ ਵਿੱਚ ਤੇ ਰਗ-ਰਗ ਵਿੱਚ ਅਤੇ ਸੁਫ਼ਨਿਆਂ ਵਿੱਚ ਤੇ ਸੱਧਰਾਂ ਵਿੱਚ ਜਿਹੜੀ ਪੰਜਾਬੀ ਸਦਾ ਬਿਰਾਜਮਾਨ ਰਹਿੰਦੀ ਹੈ, ਉਸ ਪੰਜਾਬੀ ਰੂਪੀ ਮਹਾਨ ਕੀਮਤੀ ਵਿਰਸੇ ਬਾਰੇ ਸਾਨੂੰ ਵੱਧ ਤੋਂ ਵੱਧ ਤੇ ਹੋਰ ਜਾਣਨ ਦੀ ਲੋੜ ਹੈ।
1 Comments
Jagga Singh
ReplyDelete