Punjabi Moral Story The Barber "ਨਾਈ" for Students and Kids in Punjabi Language.

ਨਾਈ 
The Barber



ਇਕ ਭਾਈ ਜੱਟ ਦਾ ਪੁੱਤ ਸੀ। ਉਸ ਦਾ ਵਿਆਹ ਛੋਟੀ ਉਮਰ ਵਿਚ ਹੀ ਹੋ ਗਿਆ। ਪਹਿਲਾਂ ਲੋਕੀਂ ਨਿੱਕੇ ਹੁੰਦਿਆਂ ਦਾ ਹੀ ਵਿਆਹ ਕਰ ਦਿੰਦੇ ਸਨ। ਹੁਣ ਉਹ ਮੁੰਡਾ ਜਵਾਨ ਹੋ ਗਿਆ ਸੀ ਅਤੇ ਉਸ ਨੇ ਮੁਕਲਾਵਾ ਲੈਣ ਜਾਣਾ ਸੀ। ਪਹਿਲੇ ਸਮਿਆਂ ਵਿਚ ਨਾਈ ਮੁੰਡੇ ਨਾਲ ਜਾਇਆ ਕਰਦੇ ਸਨ। ਇਸ ਲਈ ਮੁੰਡਾ ਨਾਈ ਨੂੰ ਨਾਲ ਲੈ ਕੇ ਮੁਕਲਾਵਾ ਲੈਣ ਤੁਰ ਗਿਆ।

ਨਾਈ ਬੜਾ ਚਲਾਕ ਸੀ। ਰਾਹ ਦੇ ਅੱਧ ਵਿਚ ਜਾ ਕੇ ਉਸ ਨੇ ਕਿਹਾ ਕਿ, “ਯਾਰ ਮੈਨੂੰ ਆਪਣੇ ਕੱਪੜੇ ਤਾਂ ਇਕ ਵਾਰੀ ਪਾ ਕੇ ਵੇਖ ਲੈਣ ਦੇ। ਬੜੇ ਸੁਹਣੇ ਐ।” ਮੁੰਡਾ ਮੰਨ ਗਿਆ। ਦੋਵਾਂ ਨੇ ਕੱਪੜੇ ਬਦਲ ਲਏ। ਹੁਣ ਨਾਈ ਤਾਂ ਪ੍ਰਾਹੁਣਾ ਲੱਗਦਾ ਸੀ ਅਤੇ ਉਹ ਮੁੰਡਾ ਮੈਲੇ ਕੱਪੜਿਆਂ ਵਿਚ ਬਿਲਕੁਲ ਨਾਈ ਲੱਗਦਾ ਸੀ। ਕੁਝ ਦੂਰ ਜਾ ਕੇ ਮੁੰਡੇ ਨੇ ਨਾਈ ਨੂੰ ਕਿਹਾ ਕਿ, “ਹੁਣ ਤਾਂ ਲਾਹ ਦੇ ਕੱਪੜੇ ਮੇਰੇ।” ਨਾਈ ਕਹਿੰਦਾ, “ਉਏ ਕੋਈ ਨ੍ਹੀਂ, ਦੇ ਦਊਂ ਯਾਰ।” ਇਸ ਤਰ੍ਹਾਂ ਉਹ ਹੋਰ ਅੱਗੇ ਤੁਰ ਗਏ। ਮੁੰਡੇ ਨੇ ਫੇਰ ਕੱਪੜੇ ਮੰਗੇ ਤਾਂ ਨਾਈ ਕਹਿੰਦਾ, “ਆ ਜਾਹ ਹੋਰ ਅੱਗੇ।” ਇਸ ਤਰ੍ਹਾਂ ਉਹ ਤੁਰੇ ਗਏ ਅਤੇ ਸਹੁਰਿਆਂ ਦੇ ਪਿੰਡ ਦੇ ਨੇੜੇ ਪਹੁੰਚ ਗਏ। ਮੁੰਡਾ ਕਹਿੰਦਾ, “ਉਏ ਨਾਈਆ, ਹੁਣ ਤਾਂ ਲਾਹ ਦੇਹ।” ਨਾਈ ਬਹੁਤ ਚਲਾਕ ਸੀ। ਕਹਿੰਦਾ, “ਯਾਰ ਪਿੰਡ ਨੇੜੇ ਆ ਗਿਆ। ਕੋਈ ਦੇਖ ਲਊ ਤਾਂ ਆਖੂ ਪ੍ਰਾਹੁਣੇ ਨੇ ਦੂਜੇ ਤੋਂ ਮੰਗ ਕੇ ਕੱਪੜੇ ਪਾਏ ਐ। ਆ ਜਾਹ ਹੁਣ। ਘਰੇ ਬੈਠਕ ਵਿਚ ਜਾ ਕੇ ਬਦਲ ਲਵਾਂਗੇ।” ਇਸ ਤਰ੍ਹਾਂ ਨਾਈ ਪ੍ਰਾਹੁਣੇ ਵਾਲੇ ਕੱਪੜਿਆਂ ਵਿਚ ਘਰ ਪਹੁੰਚ ਗਿਆ।

ਹੁਣ ਘਰ ਵਾਲਿਆਂ ਨੂੰ ਪ੍ਰਾਹੁਣੇ ਦੀ ਕੀ ਪਛਾਣ ਸੀ। ਵਿਆਹ ਤਾਂ ਛੋਟੇ ਜਿਹੇ ਦਾ ਹੋਇਆ ਸੀ। ਉਹਨਾਂ ਨੇ ਨਾਈ ਨੂੰ ਪ੍ਰਾਹੁਣਾ ਸਮਝ ਕੇ ਮੰਜਾ ਵਿਛਾ ਦਿੱਤਾ ਅਤੇ ਉਸ ਮੁੰਡੇ ਨੂੰ ਨਾਈ ਸਮਝ ਕੇ ਪੀੜੀ ਦੇ ਕੇ ਦੂਰ ਬਿਠਾ ਦਿੱਤਾ। ਮੁੰਡਾ ਨਾਈ ਦੀ ਚਲਾਕੀ ਸਮਝ ਗਿਆ। ਪਰ ਉਹ ਕੀ ਕਰ ਸਕਦਾ ਸੀ। ਉਹ ਰੋਜ਼ਾਨਾ ਖੀਰਾਂ, ਪੂੜੇ ਅਤੇ ਖੰਡ ਘਿਉ ਖਾਂਦੇ ਰਹੇ। ਦਿਨ ਤੀਆਂ ਵਾਂਗੂੰ ਨਿਕਲਦੇ ਗਏ। ਗੱਲ ਤਾਂ ਨਾਈ ਨੇ ਹੀ ਕਰਨੀ ਸੀ। ਨਾਈ ਤਾਂ ਤੁਰਨ ਦਾ ਨਾਉਂ ਹੀ ਨਾ ਲਵੇ। ਅਖ਼ੀਰ ਘਰ ਵਾਲਿਆਂ ਨੇ ਰਮਜ਼ਾਂ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ। ਇਕ ਦਿਨ ਕੁੜੀ ਦੀ ਮਾਂ ਨੇ ਆਪਣੇ ਘਰ ਵਾਲੇ ਨੂੰ ਕਿਹਾ, “ਗੁੱਡੀ ਦੇ ਪਿਉ, ਬੱਕਰੀਆਂ ਤਾਂ ਕਿੰਨੇ ਦਿਨਾਂ ਤੋਂ ਭੁੱਖੀਆਂ ਮਰ ਰਹੀਆਂ ਨੇ। ਇਹਨਾਂ ਦਾ ਵੀ ਕੋਈ ਹੀਲਾ ਕਰ।”

ਪ੍ਰਾਹੁਣੇ ਬਣੇ ਨਾਈ ਨੇ ਮੁੰਡੇ ਵੱਲ ਇਸ਼ਾਰਾ ਕਰ ਕੇ ਕਹਿ ਦਿੱਤਾ, “ਆਹ ਦੇਖੋ, ਨਾਈ ਵਿਹਲਾ ਹੀ ਹੈ। ਇਸ ਨੂੰ ਹਕਾ ਦਿਓ ਬੱਕਰੀਆਂ। ਜਾਹ ਓਏ, ਚਾਰ ਲਿਆ ਬੱਕਰੀਆਂ।”

ਇਸ ਤਰ੍ਹਾਂ ਉਹ ਮੁੰਡਾ ਬੱਕਰੀਆਂ ਚਾਰਨ ਜਾਇਆ ਕਰੇ ਅਤੇ ਨਾਈ ਘਰ ਮੌਜਾਂ ਕਰਿਆ ਕਰੇ। ਦਿਨ ਲੰਘੀ ਗਏ। ਮੁੰਡਾ ਬੱਕਰੀਆਂ ਚਾਰਦਾ ਦੁਖੀ ਹੋ ਗਿਆ। ਉਹ ਖੇਤ ਜਾ ਕੇ ਰੋਣ ਲੱਗ ਜਾਂਦਾ। ਇਕ ਦਿਨ ਸ਼ਿਵਜੀ ਤੇ ਪਾਰਬਤੀ ਲੰਘੇ ਜਾ ਰਹੇ ਸਨ ਤਾਂ ਪਾਰਬਤੀ ਨੇ ਉਸ ਨੂੰ ਦੇਖ ਲਿਆ। ਪਾਰਬਤੀ ਨੇ ਸ਼ਿਵਜੀ ਨੂੰ ਕਿਹਾ ਕਿ, “ਔਹ ਕੋਈ ਦੁਖੀਆ ਹੈ। ਆਪਾਂ ਉਸ ਦਾ ਦੁਖ ਸੁਣ ਕੇ ਚੱਲਾਂਗੇ।” ਸ਼ਿਵਜੀ ਕਹਿੰਦਾ, “ਆਪਾਂ ਕੀ ਕਰਨੈਂ ਉਥੇ ਜਾ ਕੇ, ਇਥੇ ਮੁਲਕ ਮਾਹੀ ਦਾ ਵੱਸੇ, ਕੋਈ ਰੋਵੇ ਕੋਈ ਹੱਸੇ।” ਪਾਰਬਤੀ ਕਹਿੰਦੀ, “ਨਹੀਂ ਜੀ, ਇਹਦਾ ਦੁਖ ਤਾਂ ਆਪਾਂ ਜ਼ਰੂਰ ਸੁਣ ਕੇ ਚੱਲਾਂਗੇ।”

ਇਸ ਤਰ੍ਹਾਂ ਉਹਨਾਂ ਨੇ ਆ ਕੇ ਮੁੰਡੇ ਦਾ ਦੁੱਖ ਸੁਣਿਆ। ਉਸ ਨੇ ਸਾਰੀ ਗੱਲ ਦੱਸ ਦਿੱਤੀ। ਸ਼ਿਵਜੀ ਕਹਿੰਦਾ, “ਅਸੀਂ ਤੈਨੂੰ ਇਕ ਖੂੰਡੀ ਦੇਨੇ ਆਂ। ਇਸ ਨਾਲ ਤੇਰੇ ਦੁਖ ਟੁੱਟ ਜਾਣਗੇ। ਇਸ ਖੂੰਡੀ ਨੂੰ ਤੂੰ ਖੇਤ ਆ ਕੇ ਕਹਿ ਦਿਆ ਕਰ ਕਿ ‘ਮਹਾਂਦੇਵ ਦੀ ਖੂੰਡੀ ਜਰੁੱਟ' ਤਾਂ ਸਾਰੀਆਂ ਬੱਕਰੀਆਂ ਜੁੜ ਜਾਇਆ ਕਰਨਗੀਆਂ ਅਤੇ ਸ਼ਾਮ ਨੂੰ ਕਹਿ ਦਿਆ ਕਰ ਕਿ ‘ਮਹਾਂਦੇਵ ਦੀ ਖੂੰਡੀ ਛਰੁੱਟ' ਤਾਂ ਸਾਰੀਆਂ ਬੱਕਰੀਆਂ ਕੱਲੀਆਂ ਕੱਲੀਆਂ ਹੋ ਜਾਇਆ ਕਰਨਗੀਆਂ। ਬੱਸ ਉਹਨਾਂ ਨੇ ਖੂੰਡੀ ਦੇ ਦਿੱਤੀ ਅਤੇ ਉਸ ਦੇ ਦੁਖ ਟੁੱਟ ਗਏ। ਸਵੇਰੇ ਖੇਤ ਆ ਕੇ ਬੱਕਰੀਆਂ ਜੋੜ ਦਿਆ ਕਰੇ ਅਤੇ ਸ਼ਾਮ ਨੂੰ ਵੱਖ ਵੱਖ ਕਰ ਕੇ ਭੁੱਖਣ-ਭਾਣੀਆਂ ਘਰ ਲੈ ਜਾਇਆ ਕਰੇ। ਕੁਝ ਦਿਨਾਂ ਵਿਚ ਬੱਕਰੀਆਂ ਇਕ ਇਕ ਕਰ ਕੇ ਮਰ ਗਈਆਂ। ਇਸ ਤਰ੍ਹਾਂ ਉਸ ਦਾ ਬੱਕਰੀਆਂ ਤੋਂ ਖਹਿੜਾ ਛੁੱਟ ਗਿਆ। ਨਾਲ

ਅਖ਼ੀਰ ਵਿਦਾ ਕਰਨ ਦਾ ਦਿਨ ਆ ਗਿਆ। ਆਂਢ ਗੁਆਂਢ ਦੀਆਂ ਕੁੜੀਆਂ ਮਹਿੰਦੀ ਲਾਉਣ ਲਈ ਇਕੱਠੀਆਂ ਹੋ ਗਈਆਂ। ਕੁੜੀਆਂ ਨੇ ਨਾਈ, ਜੋ ਪ੍ਰਾਹੁਣਾ ਬਣਿਆ ਬੈਠਾ ਸੀ, ਨੂੰ ਘੇਰ ਲਿਆ। ਮਹਿੰਦੀ ਲਾਉਂਦਿਆਂ ਕਈ ਤਰ੍ਹਾਂ ਦੇ ਮਖ਼ੌਲ ਹੁੰਦੇ ਰਹੇ। ਗੱਲਾਂ ਗੱਲਾਂ ਵਿਚ ਹੀ ਇਕ ਕੁੜੀ ਦਾ ਹੱਥ ਨਾਈ ਦੇ ਮੋਢੇ 'ਤੇ ਧਰਿਆ ਗਿਆ। ਉਹ ਮੁੰਡਾ ਜੋ ਦੂਰ ਬਿਠਾਇਆ ਹੋਇਆ ਸੀ, ਨੇ ਝੱਟ ਮੂੰਹ ਵਿਚ ਆਖ ਦਿੱਤਾ, “ਮਹਾਂਦੇਵ ਦੀ ਖੂੰਡੀ ਜਰੁੱਟ।” ਕੁੜੀ ਪ੍ਰਾਹੁਣੇ ਦੇ ਨਾਲ ਹੀ ਜੁੜ ਗਈ। ਹੁਣ ਦੂਜੀਆਂ ਕੁੜੀਆਂ ਨੇ ਉਸ ਕੁੜੀ ਨੂੰ ਛੁਡਾਉਣਾ ਚਾਹਿਆ ਤਾਂ ਉਸ ਨੇ ਫੇਰ ਆਖ ਦਿੱਤਾ, “ਮਹਾਂਦੇਵ ਦੀ ਖੂੰਡੀ ਜਰੁੱਟ।” ਹੁਣ ਸਾਰੀਆਂ ਕੁੜੀਆਂ ਹੀ ਸ਼ਹਿਦ ਦੀਆਂ ਮੱਖੀਆਂ ਵਾਂਗ ਇਕ ਦੂਜੀ ਨਾਲ ਜੁੜ ਗਈਆਂ। ਘਰ ਵਾਲਿਆਂ ਨੇ ਸੋਚਿਆ ਕੁੜੀਆਂ ਪ੍ਰਾਹੁਣੇ ਨੂੰ ਤੰਗ ਕਰ ਰਹੀਆਂ ਹਨ। ਕਹਿੰਦੇ, “ਕੁੜੀਓ, ਰਹਿਣ ਦਿਓ ਭਾਈ, ਹਟੋ ਪਿੱਛੇ।" ਉਹਨਾਂ ਨੇ ਕੁੜੀਆਂ ਨੂੰ ਖਿੱਚਣਾ ਸ਼ੁਰੂ ਕਰ ਦਿੱਤਾ। ਮੁੰਡੇ ਨੇ ਫੇਰ ਮੂੰਹ ਵਿਚ ਆਖ ਦਿੱਤਾ, “ਮਹਾਂਦੇਵ ਦੀ ਖੂੰਡੀ ਜਰੁੱਟ।” ਹੁਣ ਸਾਰੇ ਦੇਖਣ ਘੁੱਟਾਂ ਬਾਟੀ। ਮੁੰਡਾ ਦਿਲ 'ਚ ਕਹਿੰਦਾ, ਅੱਜ ਆਉ ਸਵਾਦ।

ਹੁਣ ਕੁੜੀਆਂ ਦੀਆਂ ਮਾਵਾਂ ਘਰਾਂ 'ਚ ਉਡੀਕ ਕਰਨ ਲੱਗੀਆਂ। ਹੈਂ ਕਿਹੜਾ ਵੇਲਾ ਹੋ ਗਿਆ ਗਈਆਂ ਨੂੰ। ਹਾਲੇ ਨਹੀਂ ਬਹੁੜੀਆਂ। ਕਿਸੇ ਨੂੰ ਖੇਤ ਰੋਟੀ ਦੇ ਕੇ ਭੇਜਣਾ ਸੀ ਅਤੇ ਕਿਸੇ ਨੂੰ ਕੋਈ ਹੋਰ ਕੰਮ। ਅਖ਼ੀਰ ਉਡੀਕ ਉਡੀਕ ਕੇ ਗੁਆਂਢ ਦੀਆਂ ਬੁੱਢੀਆਂ ਆਪ ਆ ਗਈਆਂ। ਜਦੋਂ ਨੇੜੇ ਹੋਈਆਂ ਤਾਂ ਮੁੰਡੇ ਨੇ ਦਿਲ ਵਿਚ ਕਿਹਾ, “ਮਹਾਂਦੇਵ ਦੀ ਖੂੰਡੀ ਜਰੁੱਟ।” ਚੱਲ ਭਾਈ ਉਹ ਵੀ ਸਾਰੀਆਂ ਨਾਲ ਜੁੜ ਗਈਆਂ। ਐਨੇ ਨੂੰ ਖੇਤਾਂ ਵਿਚੋਂ ਭੁੱਖੇ ਮਰਦੇ ਬੰਦੇ ਵੀ ਆ ਗਏ। ਚੱਲ ਫੇਰ ‘ਮਹਾਂਦੇਵ ਦੀ ਖੂੰਡੀ ਜਰੁੱਟ'। ਮੁੰਡੇ ਨੇ ਉਹ ਵੀ ਸਾਰੇ ਬੁੱਢੀਆਂ ਨਾਲ ਜੋੜ ਦਿੱਤੇ। ਸਾਰੇ ਕਹਿੰਦੇ, “ਹੁਣ ਕੀ ਕਰੀਏ। ਸੋਚੀਂ ਪੈ ਗਏ। ਫੇਰ ਇਕ ਗੱਲ ਸੁੱਝੀ।

ਕਹਿੰਦੇ ਖੇਤ ਵਾਲੇ ਵੱਡੇ ਬਾਬੇ ਨੂੰ ਬੁਲਾ ਲਉ। ਸਿਆਣਾ ਬੰਦਾ ਹੀ ਕਿਸੇ ਰਾਹ ਪਾਊ। ਪਰ ਉਸ ਨੂੰ ਲੈਣ ਕੌਣ ਜਾਵੇ ? ਅਖ਼ੀਰ ਉਸ ਮੁੰਡੇ ਨੂੰ ਹੀ ਲੈਣ ਭੇਜਿਆ ਗਿਆ। ਉਹ ਚਲਾ ਗਿਆ। ਜਾ ਕੇ ਗੱਲ ਦੱਸੀ। ਸਿਆਣਾ ਬਾਬਾ ਘੋੜੇ 'ਤੇ ਚੜ੍ਹ ਕੇ ਚੱਲ ਪਿਆ। ਉਹ ਮੁੰਡਾ ਉਸ ਦੇ ਪਿੱਛੇ ਪਿੱਛੇ। ਉਸ ਨੇ ਪਿੱਛੋਂ ਆਖ ਦਿੱਤਾ, “ਮਹਾਂਦੇਵ ਦੀ ਖੂੰਡੀ ਜਰੁੱਟ।” ਉਹ ਸਿਆਣਾ ਘੋੜੇ ਦੇ ਨਾਲ ਹੀ ਜੁੜ ਗਿਆ। ਰਾਹ ਵਿਚ ਉਸ ਨੇ ਪਿਸ਼ਾਬ ਕਰਨਾ ਚਾਹਿਆ ਤਾਂ ਉਸ ਤੋਂ ਹੇਠਾਂ ਹੀ ਉਤਰ ਨਾ ਹੋਵੇ। ਉਹ ਹੈਰਾਨ ਕਿ ਇਹ ਕੀ ਕੌਤਕ ਵਾਪਰਿਆ ਹੈ। ਘਰ ਜਾਂਦੇ ਤਕ ਉਸ ਦਾ ਪਿਸ਼ਾਬ ਵੀ ਵਿਚੇ ਹੀ ਨਿਕਲ ਗਿਆ।

ਆਖ਼ਰ ਹੌਲੀ ਹੌਲੀ ਘਰ ਪਹੁੰਚ ਗਏ। ਘਰ ਜਾ ਕੇ ਬਾਬੇ ਨੇ ਸਾਰਾ ਕੌਤਕ ਦੇਖਿਆ ਤਾਂ ਹੈਰਾਨ ਰਹਿ ਗਿਆ। ਉਹ ਸਾਰੇ ਵੀ ਬਾਬੇ ਦੇ ਮੂੰਹ ਵੱਲ ਵੇਖਣ। ਪਰ ਬਾਬਾ ਘੋੜੇ ਤੋਂ ਥੱਲੇ ਉਤਰੇ ਕਿੱਦਾਂ ? ਸਾਰੇ ਕਹਿਣ ਲੱਗੇ ਕਿ ਬਾਬਾ ਸਵੇਰ ਤੋਂ ਹੀ ਇਹ ਹਾਲਤ ਬਣੀ ਹੋਈ ਹੈ। ਛੁਡਾਓ ਕਿਸੇ ਤਰ੍ਹਾਂ। ਬਾਬਾ ਸਾਰੀ ਗੱਲ ਸਮਝ ਗਿਆ ਸੀ। ਉਸ ਨੇ ਮੁੰਡੇ ਵੱਲ ਇਸ਼ਾਰਾ ਕਰ ਕੇ ਕਿਹਾ ਕਿ ਇਹ ਸਾਹਮਣੇ ਬੈਠਾ ਹੀ ਕੁਝ ਕਰ ਸਕਦਾ ਹੈ। ਇਸ ਦੀ ਮਿੰਨਤ ਕਰ ਲਓ। ਬਾਬੇ ਨੇ ਖ਼ੁਦ ਵੀ ਉਸ ਨੂੰ ਕਿਹਾ ਕਿ ਜੇਕਰ ਮੈਥੋਂ ਕੋਈ ਗ਼ਲਤੀ ਹੋ ਗਈ ਤਾਂ ਮੈਂ ਮਾਫ਼ੀ ਚਾਹੁੰਦਾ ਹਾਂ। ਹੁਣ ਉਸ ਮੁੰਡੇ ਨੇ ਬਾਬੇ ਦਾ ਖਹਿੜਾ ਤਾਂ ਛੁਡਾ ਦਿੱਤਾ। ਬਾਬਾ ਮੁਕਤ ਹੋ ਗਿਆ ਅਤੇ ਘੋੜੇ ਤੋਂ ਹੇਠਾਂ ਉਤਰ ਆਇਆ। ਬਾਕੀ ਦੇ ਸਾਰੇ ਹੁਣ ਤਰਲੇ ਕਰਨ ਲੱਗੇ। ਕਹਿੰਦੇ, “ਹਾੜੇ, ਸਾਨੂੰ ਛੁਡਾ ਦੇ। ਸਾਨੂੰ ਸਾਡੀ ਗ਼ਲਤੀ ਦੱਸ ਦੇਹ, ਅਸੀਂ ਤੇਰੇ ਅੱਗੇ ਨੱਕ ਰਗੜਾਂਗੇ। ਹੁਣ ਉਹ ਮੁੰਡਾ ਤਰਸ ਕਰ ਕੇ ਬੋਲ ਹੀ ਪਿਆ। ਕਹਿੰਦਾ, “ਤੁਹਾਨੂੰ ਐਨੀ ਵੀ ਅਕਲ ਨਹੀਂ ਹੈ ਕਿ ਪ੍ਰਾਹੁਣੇ ਤੋਂ ਬੱਕਰੀਆਂ ਚਰਾਉਂਦੇ ਹੋ ਅਤੇ ਨਾਈ ਨੂੰ ਖੰਡ ਘਿਉ ਖਵਾਉਂਦੇ ਹੋ। ਪਹਿਲਾਂ ਤਾਂ ਤੁਹਾਨੂੰ ਪ੍ਰਾਹੁਣੇ ਦਾ ਪਤਾ ਨਹੀਂ ਲੱਗਿਆ। ਹੁਣ ਤਰਲੇ ਕਰਨ ਦਾ ਪਤਾ ਲੱਗ ਗਿਆ।” ਹੁਣ ਸਭ ਦੀਆਂ ਅੱਖਾਂ ਖੁੱਲ੍ਹੀਆਂ। ਉਹ ਕਹਿੰਦੇ, “ਪ੍ਰਾਹੁਣਿਆ ! ਸਾਨੂੰ ਮਾਫ਼ ਕਰ ਦੇਹ। ਸਾਨੂੰ ਭੁਲੇਖਾ ਲੱਗ ਗਿਆ।” ਮੁੰਡਾ ਕਹਿੰਦਾ, “ਖੰਡ ਘਿਉ ਤਾਂ ਸਾਰਾ ਇਹ ਖਾ ਗਿਆ। ਇਸ ਦਾ ਦੱਸੋ ਕੀ ਇਲਾਜ ਹੈ ?” ਸਾਰੇ ਨਾਈ ਵੱਲ ਘੂਰ ਘੂਰ ਕੇ ਵੇਖਣ ਲੱਗੇ।

ਪਲ ਕੂ ਸੋਚ ਕੇ ਮੁੰਡੇ ਦਾ ਸਹੁਰਾ ਕਹਿਣ ਲੱਗਾ, “ਸਾਊ, ਮੇਰੇ ਕਹੇ ਤੂੰ ਸਾਨੂੰ ਛੁਡਾ ਦੇਹ। ਅਸੀਂ ਬਹੁਤ ਔਖੇ ਹਾਂ। ਬਾਕੀ ਰਹੀ ਗੱਲ ਨਾਈ ਦੀ। ਇਸ ਦਾ ਖੰਡ-ਘਿਉ ਖਾਧਾ ਤਾਂ ਅਸੀਂ ਹੁਣੇ ਸਾਰਾ ਕੱਢ ਦਿਆਂਗੇ।” ਚੱਲ ਭਾਈ, ਮੁੰਡੇ ਨੇ ਕਹਿ ਦਿੱਤਾ, “ਮਹਾਂਦੇਵ ਦੀ ਖੂੰਡੀ ਛਰੁੱਟ।” ਸਾਰੇ ਜਣੇ ਇਕੱਲੇ ਇਕੱਲੇ ਹੋ ਗਏ। ਫੇਰ ਜਿਸ ਕਿਸੇ ਦੇ ਹੱਥ ਜੋ ਵੀ ਆਇਆ, ਉਹ ਚੁੱਕ ਲਿਆ। ਸਾਰਿਆਂ ਨੇ ਨਾਈ ਦੀ ਛਿੱਤਰਾਂ, ਡੰਡਿਆਂ ਅਤੇ ਲੱਤਾਂ ਨਾਲ ਚੰਗੀ ਪਰੇਡ ਕੀਤੀ। ਨਾਈ ਨੂੰ ਕੁੱਟ ਕੁੱਟ ਕੇ ਅਧਮੋਇਆ ਕਰ ਦਿੱਤਾ। ਮਾਰੇ ਚੀਕਾਂ ਹੁਣ ਪਰ ਕੌਣ ਛੁਡਾਵੇ। ਉਹ ਕਿੰਨਾ ਚਿਰ ਹੀ ਚਊਂ ਚਊਂ ਕਰਦਾ ਡੁਸਕਦਾ ਰਿਹਾ।

ਫੇਰ ਉਸ ਤੋਂ ਪ੍ਰਾਹੁਣੇ ਵਾਲੇ ਕੱਪੜੇ ਲੁਹਾਏ ਗਏ। ਮੁੰਡੇ ਨੇ ਆਪਣੇ ਕੱਪੜੇ ਪਾਏ ਅਤੇ ਮੁੜ ਸੱਜ-ਧੱਜ ਗਿਆ। ਫੇਰ ਉਹ ਲੜਕੀ ਨੂੰ ਲੈ ਕੇ ਵਿਦਾ ਹੋ ਗਿਆ। ਨਾਈ ਵੀ ਪਿੱਛੇ ਪਿੱਛੇ ਪੈਰ ਘੜੀਸਦਾ ਗਿਆ। ਹੱਡਾਂ ਵਿਚ ਚੀਸਾਂ ਵੱਜਦੀਆਂ ਤੋਂ ਮੁਸ਼ਕਲ ਨਾਲ ਹੀ ਘਰ ਪਹੁੰਚਿਆ। ਅਗਲੇ ਦਿਨ ਨਾਈਆਂ ਦੀ ਬੁੱਢੀ ਆ ਕੇ ਕਹਿਣ ਲੱਗੀ, “ਵੇ ਜੈਬਿਆ, ਸਾਡੇ ਮੁੰਡੇ ਨੂੰ ਕੀ ਕਰਾ ਲਿਆਇਆਂ। ਉਸ ਤੋਂ ਤਾਂ ਤੁਰ ਵੀ ਨਹੀਂ ਹੁੰਦਾ।”

ਅੱਗੋਂ ਜੈਬਾ ਬੋਲਿਆ :

“ਇਹ ਤਾਂ ਮਾਈ ਤੂੰ ਉਸੇ ਤੋਂ ਈ ਪੁੱਛਾਂ।”

ਚੱਲ ਭਾਈ ਐਡੀ ਮੇਰੀ ਬਾਤ, ਉਤੋਂ ਪੈ ਗਈ ਰਾਤ


Post a Comment

0 Comments