Punjabi Moral Story Kukkad te Ju "ਕੁੱਕੜ ਤੇ ਜੂੰ" for Students and Kids in Punjabi Language.

ਕੁੱਕੜ ਤੇ ਜੂੰ 
Kukkad te Ju



ਇਕ ਭਾਈ ਕੁੱਕੜ ਤੇ ਜੂੰ ਸੀ। ਉਹਨਾਂ ਦੋਵਾਂ ਨੇ ਸੈਰ ਕਰਨ ਦੀ ਸਲਾਹ ਬਣਾ ਲਈ। ਦੋਵਾਂ ਨੇ ਆਪਣੇ ਆਪਣੇ ਪੱਲੇ ਸੱਤ ਸੱਤ ਰੋਟੀਆਂ ਪਕਾ ਕੇ ਬੰਨ੍ਹ ਲਈਆਂ। ਜੂੰ ਤਾਂ ਥੋੜੀ ਦੂਰ ਜਾ ਕੇ ਹੀ ਕਹਿੰਦੀ, “ਕੁੱਕੜਾ ਵੇ ਕੁੱਕੜਾ, ਭੁੱਖ ਲੱਗੀ ਐ।” ਕੁੱਕੜ ਕਹਿੰਦਾ, “ਤੂੰ ਆਪਣੀਆਂ ਰੋਟੀਆਂ ਖਾ ਲੈ।” ਜੂੰ ਨੇ ਇਕ ਰੋਟੀ ਖਾ ਲਈ। ਥੋੜਾ ਚੱਲ ਕੇ ਉਹ ਫੇਰ ਕਹਿੰਦੀ, “ਕੁੱਕੜਾ ਵੇ ਕੁੱਕੜਾ, ਭੁੱਖ ਲੱਗੀ ਐ।” ਕੁੱਕੜ ਕਹਿੰਦਾ, “ਤੂੰ ਆਪਣੀ ਰੋਟੀ ਖਾ ਲੈ।” ਜੂੰ ਨੇ ਫੇਰ ਇਕ ਰੋਟੀ ਖਾ ਲਈ। ਕੁਝ ਦੇਰ ਬਾਅਦ ਜੂੰ ਫੇਰ ਕਹਿੰਦੀ, “ਕੁੱਕੜਾ ਵੇ ਕੁੱਕੜਾ, ਭੁੱਖ ਲੱਗੀ ਐ।" ਕੁੱਕੜ ਕਹਿੰਦਾ, “ਤੂੰ ਆਪਣੀਆਂ ਸਾਰੀਆਂ ਹੀ ਖਾ ਲੈ।” ਇਸ ਤਰ੍ਹਾਂ ਜੂੰ ਨੇ ਪੱਲੇ ਬੰਨ੍ਹੀਆਂ ਸਾਰੀਆਂ ਰੋਟੀਆਂ ਖਾ ਲਈਆਂ।

ਜੂੰ ਫੇਰ ਕਹਿੰਦੀ, “ਕੁੱਕੜਾ ਵੇ ਕੁੱਕੜਾ, ਭੁੱਖ ਲੱਗੀ ਐ।” ਕੁੱਕੜ ਕਹਿੰਦਾ, “ਭੁੱਖੀਏ, ਹੁਣ ਮੇਰੀਆਂ ਵੀ ਖਾ ਲੈ।” ਚੱਲ ਭਾਈ, ਜੂੰ ਤਾਂ ਕੁੱਕੜ ਦੀਆਂ ਵੀ ਸੱਤੇ ਰੋਟੀਆਂ ਖਾ ਗਈ। ਝੱਟ ਕੁ ਪਿੱਛੋਂ ਫੇਰ ਕਹਿੰਦੀ, “ਕੁੱਕੜਾ ਵੇ ਕੁੱਕੜਾ, ਭੁੱਖ ਲੱਗੀ ਐ।” ਕੁੱਕੜ ਕਹਿੰਦਾ, “ਹੁਣ ਮੈਨੂੰ ਖਾ ਲੈ।” ਜੂੰ ਤਾਂ ਭਾਈ ਕੁੱਕੜ ਨੂੰ ਵੀ ਸੱਚੀਂ ਮੁੱਚੀਂ ਖਾ ਗਈ। ਫੇਰ ਜੂੰ ਇਕੱਲੀ ਹੀ ਅੱਗੇ ਤੁਰੀ ਗਈ। ਜੂੰ ਨੂੰ ਫੇਰ ਭੁੱਖ ਲੱਗ ਆਈ। ਅੱਗੇ ਇਕ ਭੇਡ ਉਸ ਨੂੰ ਮਿਲੀ। ਜੂੰ ਕਹਿੰਦੀ, “ਭੇਡੇ ਨੀਂ ਭੇਡੇ ! ਤੈਨੂੰ ਖਾ ਲਾਂ।” ਭੇਡ ਕਹਿੰਦੀ, “ਤੂੰ ਕਿਵੇਂ ਖਾ ਲੱਗੀ ਮੈਨੂੰ। ਲੱਤ ਮਾਰ ਕੇ ਮਾਰ ਦੂੰਗੀ।” ਪਰ ਜੂੰ ਨੇ ਕਿਹਾ:

“ਸੱਤ ਆਪਣੀਆਂ ਖਾਧੀਆਂ 

ਸੱਤ ਕੁੱਕੜ ਦੀਆਂ ਖਾਧੀਆਂ 

ਕੁੱਕੜ ਬਾਂਗ ਦਿੰਦਾ ਖਾਧਾ

ਨੀਂ ਤੈਨੂੰ ਕੀ ਮੈਂ ਛੱਡਣ ਲੱਗੀ ਆਂ।”

ਜੂੰ ਝਪਟ ਮਾਰ ਕੇ ਭੇਡ ਨੂੰ ਖਾ ਗਈ। ਪਰ ਜੂੰ ਦੀ ਭੁੱਖ ਨਾ ਮਰੀ। ਉਸ ਨੂੰ ਫੇਰ ਭੁੱਖ ਲੱਗ ਗਈ। ਅੱਗੇ ਬੱਕਰੀ ਟੱਕਰ ਗਈ। ਜੂੰ ਕਹਿੰਦੀ, “ਬੱਕਰੀਏ ਨੀ ਬੱਕਰੀਏ, ਤੈਨੂੰ ਖਾ ਲਾਂ ?” ਬੱਕਰੀ ਕਹਿੰਦੀ, “ਮੈਂ ਸਿੰਗ ਮਾਰ ਕੇ ਮਾਰ ਦੇਊਂ ਤੈਨੂੰ।” ਫੇਰ ਜੂੰ ਬੋਲੀ :

“ਸੱਤ ਆਪਣੀਆਂ ਖਾਧੀਆਂ

ਸੱਤ ਕੁੱਕੜ ਦੀਆਂ ਖਾਧੀਆਂ

ਕੁੱਕੜ ਬਾਂਗ ਦਿੰਦਾ ਖਾਧਾ 

ਭੇਡ ਬਿਆਂਕਦੀ ਖਾਧੀ

ਨੀਂ ਤੈਨੂੰ ਕੀ ਮੈਂ ਛੱਡਣ ਲੱਗੀ ਆਂ।”

ਝਪਟ ਮਾਰ ਕੇ ਬੱਕਰੀ ਨੂੰ ਵੀ ਖਾ ਗਈ। ਪਰ ਉਹਨੂੰ ਸਬਰ ਫੇਰ ਨਾ ਆਇਆ। ਉਹਦੀ ਭੁੱਖ ਵਧਦੀ ਹੀ ਤੁਰੀ ਜਾਵੇ। ਅੱਗੇ ਰਾਹ ਵਿਚ ਉਸ ਨੂੰ ਸ਼ੇਰ ਮਿਲ ਗਿਆ। ਜੂੰ ਸ਼ੇਰ ਨੂੰ ਰੋਕ ਕੇ ਕਹਿਣ ਲੱਗੀ, “ਸ਼ੇਰਾ ਵੇ ਸ਼ੇਰਾ, ਤੈਨੂੰ ਖਾ ਲਵਾਂ ?”

ਸ਼ੇਰ ਕਹਿੰਦਾ, “ਤੂੰ ਆਪਣੀ ਜਾਨ ਬਚਾ ਲੈ ਜੇ ਬਚਦੀ ਐ।” ਜੂੰ ਵੀ ਉਸ ਨੂੰ ਆਕੜ ਕੇ ਕਹਿਣ ਲੱਗੀ, “ਸੁਣ ਵੇ

ਸੱਤ ਆਪਣੀਆਂ ਖਾਧੀਆਂ

ਸੱਤ ਕੁੱਕੜ ਦੀਆਂ ਖਾਧੀਆਂ 

ਕੁੱਕੜ ਬਾਂਗ ਦਿੰਦਾ ਖਾਧਾ 

ਭੇਡ ਬਿਆਂਕਦੀ ਖਾਧੀ 

ਬੱਕਰੀ ਮਿਆਂਕਦੀ ਖਾਧੀ

ਤੈਨੂੰ ਕੀ ਮੈਂ ਛੱਡਣ ਲੱਗੀ ਆਂ।”

ਸ਼ੇਰ ਨੂੰ ਇਹ ਸੁਣ ਕੇ ਗੁੱਸਾ ਆ ਗਿਆ। ਉਸ ਨੇ ਪੰਜਾ ਮਾਰ ਕੇ ਜੂੰ ਦਾ ਢਿੱਡ ਪਾੜ ਦਿੱਤਾ। ਜੂੰ ਉਥੇ ਹੀ ਮਰ ਗਈ। ਪਰ ਉਸ ਦੇ ਢਿੱਡ ਵਿਚੋਂ ਕੁੱਕੜ, ਭੇਡ ਅਤੇ ਬੱਕਰੀ ਜੀਉਂਦੇ ਨਿਕਲ ਆਏ। ਚੱਲ ਭਾਈ, ਐਡੀ ਮੇਰੀ ਬਾਤ, ਉਤੋਂ ਪੈ ਗਈ ਰਾਤ।

 

Post a Comment

0 Comments