ਪੰਜਾਬੀ ਪੱਤਰ -ਸੰਪਾਦਕ ਨੂੰ ਹੜ੍ਹਾਂ ਨਾਲ ਪੀੜਤ ਲੋਕਾਂ ਦੀ ਮਦਦ ਲਈ ਅਪੀਲ ਕਰਨ ਵਾਸਤੇ ਪੱਤਰ।

ਕਿਸੇ ਅਖ਼ਬਾਰ ਦੇ ਸੰਪਾਦਕ ਨੂੰ ਹੜ੍ਹਾਂ ਨਾਲ ਪੀੜਤ ਲੋਕਾਂ ਦੀ ਮਦਦ ਲਈ ਅਪੀਲ ਕਰਨ ਵਾਸਤੇ ਪੱਤਰ ਲਿਖੋ।



ਪਰੀਖਿਆ ਭਵਨ,

ਸ਼ਹਿਰ।

16.07.20.... 


ਸੇਵਾ ਵਿਖੇ,

ਸੰਪਾਦਕ ਸਾਹਿਬ ਜੀ,

ਰੋਜ਼ਾਨਾ ਪੰਜਾਬੀ ਜਾਗਰਣ,

ਜਲੰਧਰ ।


ਵਿਸ਼ਾ : ਹੜ੍ਹ ਪੀੜਤਾਂ ਦੀ ਸਹਾਇਤਾ ਸੰਬੰਧੀ।


ਸ੍ਰੀਮਾਨ ਜੀ,

ਬੇਨਤੀ ਹੈ ਕਿ ਮੈਂ ਪਿਛਲੇ ਦਿਨੀਂ ਸਾਡੇ ਇਲਾਕੇ ਵਿੱਚ ਆਏ ਹੜ੍ਹਾਂ ਕਾਰਨ ਇਸ ਤੋਂ ਪੀੜਤ ਲੋਕਾਂ ਦੀ ਸਹਾਇਤਾ ਸੰਬੰਧੀ ਆਪ ਜੀ ਦੇ ਅਖ਼ਬਾਰ ਰਾਹੀਂ ਲੋਕਾਂ ਨੂੰ ਅਪੀਲ ਕਰਨੀ ਚਾਹੁੰਦਾ ਹਾਂ। ਮੈਨੂੰ ਉਮੀਦ ਹੈ ਕਿ ਤੁਸੀਂ ਇਸ ਨੂੰ ਆਪਣੇ ਅਖ਼ਬਾਰ ਵਿੱਚ ਜ਼ਰੂਰ ਛਾਪੋਗੇ ਤਾਂ ਜੋ ਪੀੜਤ ਲੋਕਾਂ ਦੇ ਜ਼ਖ਼ਮਾਂ 'ਤੇ ਕੁਝ ਮੱਲ੍ਹਮ ਲੱਗ ਸਕੇ।

ਪਿਛਲੇ ਮਹੀਨੇ ਬਰਸਾਤ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਸਾਡੇ ਇਲਾਕੇ ਵਿੱਚ ਲੋਕ ਹੜ੍ਹਾਂ ਤੋਂ ਡਰ ਰਹੇ ਸਨ ਕਿਉਂਕਿ ਮੌਸਮ ਵਿਭਾਗ ਨੇ ਇਸ ਵਾਰ ਵਧੇਰੇ ਮੀਹਾਂ ਦੀ ਭਵਿੱਖਬਾਣੀ ਕੀਤੀ ਸੀ। ਸਾਡਾ ਪਿੰਡ ਬਿਆਸ ਦਰਿਆ ਦੇ ਕਿਨਾਰੇ 'ਤੇ ਪੈਂਦਾ ਹੈ। ਪਿੰਡ ਵਾਸੀਆਂ ਦੀ ਬਹੁਤੀ ਜ਼ਮੀਨ ਦਰਿਆ ਦੇ ਨਾਲ-ਨਾਲ ਹੀ ਹੈ। ਸਾਡਾ ਪਿੰਡ ਭਾਵੇਂ ਕੁਝ ਉੱਚੀ ਥਾਂ 'ਤੇ ਵੱਸਿਆ ਹੋਇਆ ਹੈ ਪਰ ਜ਼ਮੀਨ ਤਾਂ ਅਕਸਰ ਦਰਿਆ ਦੀ ਮਾਰ ਹੇਠ ਆ ਹੀ ਜਾਂਦੀ ਹੈ।

ਬਰਸਾਤ ਦਾ ਮੌਸਮ ਸ਼ੁਰੂ ਹੋਇਆ ਹੀ ਸੀ ਕਿ ਅਚਾਨਕ ਸਾਡੇ ਇਲਾਕੇ ਵਿੱਚ ਵੀ ਬਰਸਾਤ ਕਈ ਦਿਨ ਲਗਾਤਾਰ ਪੈਂਦੀ ਰਹੀ ਤੇ ਪਿੱਛੇ ਪਹਾੜਾਂ ਵਿੱਚ ਵੀ ਮੀਂਹ ਪੈਣ ਕਾਰਨ ਦਰਿਆ ਵਿੱਚ ਹੜ੍ਹ ਆ ਗਿਆ ਸੀ। ਹੜ੍ਹ ਦੇ ਪਾਣੀ ਨੇ ਇਲਾਕੇ ਦੇ ਲਗਪਗ ਪੰਜਾਹ ਪਿੰਡਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਸੀ। ਕਿਸਾਨਾਂ ਦੀਆਂ ਫ਼ਸਲਾਂ, ਤੂੜੀ ਤੇ ਡੰਗਰਾਂ ਦਾ ਬਹੁਤ ਨੁਕਸਾਨ ਹੋਇਆ ਹੈ। ਸਾਰੀਆਂ ਫ਼ਸਲਾਂ ਲਗਪਗ ਤਬਾਹ ਹੋ ਗਈਆਂ ਹਨ। ਬਚੇ ਡੰਗਰਾਂ ਲਈ ਨਾ ਤੂੜੀ ਤੇ ਨੇ ਹਰਾ ਚਾਰਾ ਰਿਹਾ ਹੈ। ਲੋਕਾਂ ਨੇ ਕਿਸੇ ਨਾ ਕਿਸੇ ਤਰ੍ਹਾਂ ਉੱਚੀਆਂ ਥਾਵਾਂ 'ਤੇ ਹਫ਼ਤਾ ਭਰ ਰਹਿ ਕੇ ਆਪਣੀ ਜਾਨ ਬਚਾਈ ਹੈ।

ਅਜਿਹੀ ਸਥਿਤੀ ਵਿੱਚ ਇਲਾਕੇ ਦੀਆਂ ਬਹੁਤ ਸਾਰੀਆਂ ਸਵੈ-ਸੇਵੀ ਸੰਸਥਾਵਾਂ ਨੇ ਹੜ੍ਹ ਪੀੜਤਾਂ ਦੀ ਸਹਾਇਤਾ ਕੀਤੀ। ਪੀੜਤਾਂ ਲਈ ਲੰਗਰ ਤੇ ਡੰਗਰਾਂ ਲਈ ਚਾਰੇ ਦਾ ਵੀ ਪ੍ਰਬੰਧ ਕੀਤਾ ਗਿਆ। ਸਰਕਾਰੀ ਕਰਮਚਾਰੀ ਵੀ ਲੋਕਾਂ ਦੀ ਥੋੜ੍ਹੀ ਬਹੁਤੀ ਸਹਾਇਤਾ ਕਰਦੇ ਨਜ਼ਰ ਆ ਰਹੇ ਸਨ। ਸਰਕਾਰ ਵੱਲੋਂ ਫ਼ਸਲਾਂ ਦੇ ਮੁਆਵਜੇ ਲਈ ਗਰਦਾਉਰੀ ਵੀ ਕਰਵਾਈ ਜਾ ਰਹੀ ਹੈ।ਪਰ ਤਾਂ ਵੀ ਪੀੜਤਾਂ ਨੂੰ ਵਧੇਰੇ ਸਹਾਇਤਾ ਦੀ ਲੋੜ ਹੈ। ਸੋ ਮੈਂ ਅਪੀਲ ਕਰਦਾ ਹਾਂ ਜੇਕਰ ਕੋਈ ਵੀ ਸੰਸਥਾ ਜਾਂ ਕੋਈ ਨਿੱਜੀ ਤੌਰ 'ਤੇ ਇਸ ਮੁਸ਼ਕਲ ਸਮੇਂ ਪੀੜਤਾਂ ਦੀ ਸਹਾਇਤਾ ਕਰ ਸਕੇ ਤਾਂ ਇਹ ਬਹੁਤ ਵੱਡਾ ਪੁੰਨ ਹੋਵੇਗਾ। ਸਰਕਾਰ ਨੂੰ ਵੀ ਇਨ੍ਹਾਂ ਲੋਕਾਂ ਦੀ ਵਧੇਰੇ ਸਹਾਇਤਾ ਕਰਨ ਦੇ ਉਚੇਚੇ ਪ੍ਰਬੰਧ ਕਰਨੇ ਚਾਹੀਦੇ ਹਨ।

ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਮੇਰੀ ਇਹ ਅਪੀਲ ਜ਼ਰੂਰ ਛਾਪੋਗੇ।ਮੈਂ ਆਪ ਜੀ ਦਾ ਬਹੁਤ ਧੰਨਵਾਦੀ ਹੋਵਾਂਗਾ। 

ਤੁਹਾਡਾ ਵਿਸ਼ਵਾਸ ਪਾਤਰ, 

ਕ, ਖ, ਗ,


Post a Comment

0 Comments