ਅਪਾਹਜ ਅਤੇ ਸਮਾਜ
Apahaj ate Samaj
'ਅਪਾਹਜ' ਤੋਂ ਭਾਵ ਅਜਿਹਾ ਮਨੁੱਖ ਹੈ ਜੋ ਕਿਸੇ ਕਾਰਨ ਸਰੀਰਕ ਪੱਖੋਂ ਅਪੰਗ ਜਾਂ ਅੰਗਹੀਣ ਹੋਵੇ। ਕੋਈ ਮਨੁੱਖ ਜਮਾਂਦਰੂ ਹੀ ਅਪਾਹਜ ਹੋ ਸਕਦਾ ਹੈ ਜਾਂ ਫਿਰ ਉਹ ਕਿਸੇ ਬਿਮਾਰੀ ਜਾਂ ਦੁਰਘਟਨਾ ਦਾ ਸ਼ਿਕਾਰ ਹੋ ਕੇ ਅਪਾਹਜ ਹੋ ਸਕਦਾ ਹੈ। ਅਪਾਹਜ ਮਨੁੱਖ ਆਪਣੀ ਇਸ ਸਥਿਤੀ ਲਈ ਵਧੇਰੇ ਕਰਕੇ ਜ਼ਿੰਮੇਵਾਰ ਨਹੀਂ ਹੁੰਦਾ। ਅਪਾਹਜ ਮਨੁੱਖ ਦਾ ਜਿੱਥੇ ਸਿੱਧਾ ਵਾਹ ਆਪਣੇ ਮਾਪਿਆਂ ਨਾਲ ਪੈਂਦਾ ਹੈ ਉੱਥੇ ਉਹ ਮਨੁੱਖ ਸਮਾਜਕ ਪ੍ਰਾਣੀ ਵੀ ਹੁੰਦਾ ਹੈ। ਅਜਿਹੀ ਸਥਿਤੀ ਵਿੱਚ ਪਰਿਵਾਰ ਅਤੇ ਸਮਾਜ ਵੱਲੋਂ ਉਸ ਪ੍ਰਤੀ ਨਿਭਾਈ ਜ਼ਿੰਮੇਵਾਰੀ ਦੀ ਆਪਣੀ ਬਹੁਤ ਮਹੱਤਤਾ ਹੁੰਦੀ ਹੈ। ਅਪਾਹਜ ਵਿਅਕਤੀ ਦੀ ਲੋੜ ਅਨੁਸਾਰ ਉਸ ਦੀ ਹਰ ਹੀਲੇ ਸਹਾਇਤਾ ਕਰਨਾ ਉਸ ਦੇ ਸੰਪਰਕ ਵਿੱਚ ਆਉਂਦੇ ਹਰ ਮਨੁੱਖ ਦਾ ਮੁਢਲਾ ਫ਼ਰਜ਼ ਹੈ। ਅਪਾਹਜ ਮਨੁੱਖ ਨੂੰ ਤਰਸ ਦਾ ਪਾਤਰ ਸਮਝਦਿਆਂ ਉਸ ਦੀ ਸਹਾਇਤਾ ਨਹੀਂ ਕਰਨੀ ਚਾਹੀਦੀ ਬਲਕਿ ਪਿਆਰ ਤੇ ਸਤਿਕਾਰ ਦੀ ਭਾਵਨਾ ਨਾਲ ਉਸ ਦੀ ਸਹਾਇਤਾ ਕਰਨੀ ਚਾਹੀਦੀ ਹੈ। ਅਪਾਹਜ ਵਿਅਕਤੀ ਨੂੰ ਕੁਦਰਤ ਵੱਲੋਂ ਵੀ ਵੱਡਾ ਜਿਗਰਾ ਦਿੱਤਾ ਜਾਂਦਾ ਹੈ।ਜੇਕਰ ਲੋਕ ਉਸ ਦਾ ਸਾਥ ਦੇਣਗੇ ਤਾਂ ਉਹ ਵੀ ਆਪਣੀ ਜ਼ਿੰਦਗੀ ਨੂੰ ਕੁਝ ਠੀਕ ਤਰੀਕੇ ਨਾਲ ਗੁਜ਼ਾਰਨ ਦੇ ਯੋਗ ਹੋ ਸਕੇਗਾ। ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਅਪਾਹਜ ਮਨੁੱਖਾਂ ਦੇ ਇਲਾਜ ਤੇ ਹੋਰ ਲੋੜਾਂ ਲਈ ਪਹਿਲ ਦੇ ਆਧਾਰ 'ਤੇ ਉਨ੍ਹਾਂ ਦੀ ਸਹਾਇਤਾ ਕਰੇ। ਸਵੈ-ਸੇਵੀ ਸੰਸਥਾਵਾਂ ਅਤੇ ਵਿਅਕਤੀਗਤ ਤੌਰ 'ਤੇ ਵੀ ਅਪਾਹਜਾਂ ਦੀ ਸੰਭਵ ਮਦਦ ਕਰਨੀ ਚਾਹੀਦੀ ਹੈ। ਅਜਿਹੀ ਸਥਿਤੀ ਵਿੱਚ ਅਪਾਹਜ ਆਪਣੀ ਜ਼ਿੰਦਗੀ ਨੂੰ ਦੂਸਰਿਆਂ 'ਤੇ ਭਾਰ ਨਹੀਂ ਸਮਝੇਗਾ। ਇੰਜ ਆਪਣਿਆਂ ਵਰਗਾ ਮਿਲਿਆ ਪਿਆਰ ਤੇ ਸਤਿਕਾਰ ਉਨ੍ਹਾਂ ਨੂੰ ਜੀਵਨ ਮਾਨਣ ਦੇ ਸਮਰੱਥ ਬਣਾਵੇਗਾ।
0 Comments