ਪੰਜਾਬੀ ਪੱਤਰ -ਪੁਲਿਸ ਕਮਿਸ਼ਨਰ ਨੂੰ ਚੋਰੀ ਤੇ ਲੁੱਟਾਂ-ਖੋਹਾਂ ਦੀਆਂ ਵਧ ਰਹੀਆਂ ਵਾਰਦਾਤਾਂ ਸੰਬੰਧੀ ਪੱਤਰ

ਆਪਣੇ ਜ਼ਿਲ੍ਹੇ ਦੇ ਪੁਲਿਸ ਕਮਿਸ਼ਨਰ ਨੂੰ ਚੋਰੀ ਤੇ ਲੁੱਟਾਂ-ਖੋਹਾਂ ਦੀਆਂ ਵਧ ਰਹੀਆਂ ਵਾਰਦਾਤਾਂ ਸੰਬੰਧੀ ਪੱਤਰ ਲਿਖੋ।



ਪਰੀਖਿਆ ਭਵਨ,

ਸ਼ਹਿਰ।

14.03.20...


ਸੇਵਾ ਵਿਖੇ,

ਪੁਲਿਸ ਕਮਿਸ਼ਨਰ ਸਾਹਿਬ,

ਸ਼ਹਿਰ।

ਵਿਸ਼ਾ : ਦਿਨੋ-ਦਿਨ ਵਧ ਰਹੀਆਂ ਚੋਰੀ ਤੇ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਸੰਬੰਧੀ।

ਸ੍ਰੀਮਾਨ ਜੀ,

ਸਨਿਮਰ ਬੇਨਤੀ ਹੈ ਕਿ ਮੈਂ ਆਪ ਜੀ ਦਾ ਧਿਆਨ ਸ਼ਹਿਰ ਵਿੱਚ ਚੋਰੀ ਅਤੇ ਲੁੱਟਾਂ-ਖੋਹਾਂ ਦੀਆਂ ਦਿਨੋ-ਦਿਨ ਵਧ ਰਹੀਆਂ ਵਾਰਦਾਤਾਂ ਵੱਲ ਦਿਵਾਉਣਾ ਚਾਹੁੰਦਾ ਹੈ। ਪਿਛਲੇ ਕੁਝ ਮਹੀਨਿਆਂ ਤੋਂ ਅਖ਼ਬਾਰਾਂ ਅਤੇ ਸੰਚਾਰ ਦੇ ਹੋਰ ਸਾਧਨਾਂ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਚੋਰੀਆਂ ਤੇ ਲੁੱਟਾਂ-ਖੋਹਾਂ ਕਰਨ ਵਾਲੇ ਲੋਕ ਆਪ ਮੁਹਾਰੇ ਹੋਏ ਫਿਰਦੇ ਹਨ। ਇਹ ਕਿਸੇ ਸਮੇਂ ਕਿਸੇ ਵੀ ਥਾਂ ਚੋਰੀ ਕਰਨ ਜਾਂ ਖੋਹ ਕਰਨ ਤੋਂ ਬਿਲਕੁਲ ਨਹੀਂ ਡਰਦੇ।

ਪਿਛਲੇ ਹਫ਼ਤੇ ਹੀ ਚੋਰਾਂ ਨੇ ਸ਼ਹਿਰ ਦੀ ਵਧੀਆ ਕਾਲੋਨੀ ਵਿੱਚ ਚਾਰ ਘਰਾਂ ਵਿੱਚੋਂ ਦਿਨ ਦਿਹਾੜੇ ਚੋਰੀਆਂ ਨੂੰ ਅੰਜਾਮ ਦਿੱਤਾ ਸੀ। ਇਸੇ ਤਰ੍ਹਾਂ ਖੋਹਾਂ ਕਰਨ ਵਾਲਿਆਂ ਨੇ ਸਕੂਟਰਾਂ, ਰਿਕਸ਼ਿਆਂ ਤੇ ਪੈਦਲ ਜਾਣ ਵਾਲੀਆਂ ਔਰਤਾਂ ਦਾ ਜਿਊਣਾ ਮੁਹਾਲ ਕੀਤਾ ਹੋਇਆ ਹੈ। ਜਦੋਂ ਜੀਅ ਚਾਹੇ ਖੋਹਾਂ ਕਰਨ ਵਾਲੇ ਪਰਸ, ਬੈਗ, ਚੇਨੀਆਂ ਖੋਹ ਕੇ ਫ਼ਰਾਰ ਹੋ ਜਾਂਦੇ ਹਨ।

ਗੱਲ ਕੀ ਸਾਰੇ ਸ਼ਹਿਰ ਵਿੱਚ ਚੋਰਾਂ ਤੇ ਖੋਹਾਂ ਵਾਲਿਆਂ ਨੇ ਪੂਰੀ ਦਹਿਸ਼ਤ ਫੈਲਾਈ ਹੋਈ ਹੈ।ਜਦੋਂ ਕੋਈ ਆਮ ਲੋਕ ਇਨ੍ਹਾਂ ਚੋਰਾਂ ਨੂੰ ਚੋਰੀ ਕਰਦਿਆਂ ਜਾਂ ਖੋਹ ਕਰਦਿਆਂ ਵੇਖ ਵੀ ਲੈਂਦੇ ਹਨ ਤਾਂ ਉਹ ਇਨ੍ਹਾਂ ਦੇ ਜ਼ਾਲਮੀ ਵਿਹਾਰ ਤੋਂ ਡਰ ਜਾਂਦੇ ਹਨ। ਇਹ ਚੋਰ ਪੁਲਿਸ ਤੋਂ ਤਾਂ ਬਿਲਕੁਲ ਹੀ ਡਰਦੇ ਨਹੀਂ ਜਾਪਦੇ। ਇੱਕ ਆਮ ਸਧਾਰਨ ਨਾਗਰਿਕ ਦੇ ਨਾਤੇ ਮੇਰੀ ਆਪ ਅੱਗੇ ਅਰਜ਼ੋਈ ਹੈ ਕਿ ਤੁਸੀਂ ਇਸ ਪਾਸੇ ਵੱਲ ਉਚੇਚਾ ਧਿਆਨ ਦੇਵੋ। ਤੁਹਾਨੂੰ ਪਹਿਲਾਂ ਵੀ ਤੁਹਾਡੇ ਵੱਲੋਂ ਕੀਤੇ ਚੰਗੇ ਕੰਮਾਂ ਕਰਕੇ ਸਰਕਾਰ ਸਨਮਾਨਿਤ ਕਰ ਚੁੱਕੀ ਹੈ। ਤੁਸੀਂ ਜਦੋਂ ਸਾਡੇ ਸ਼ਹਿਰ ਆਏ ਸੀ ਤਾਂ ਲੋਕਾਂ ਨੂੰ ਆਸ ਸੀ ਕਿ ਹੁਣ ਚੋਰਾਂ ਦੇ ਦਿਨ ਪੁੱਗ ਗਏ ਹਨ। ਮੈਨੂੰ ਅਜੇ ਵੀ ਉਮੀਦ ਹੈ ਕਿ ਤੁਸੀਂ ਲੋਕਾਂ ਨੂੰ ਇਸ ਦੁੱਖੋਂ ਨਿਜ਼ਾਤ ਜ਼ਰੂਰ ਦੁਆਓਗੇ।ਮੈਂ ਇਸ ਲਈ ਤੁਹਾਡਾ ਬਹੁਤ ਸ਼ੁਕਰਗੁਜ਼ਾਰ ਹੋਵਾਂਗਾ।

ਧੰਨਵਾਦ ਸਹਿਤ,

ਤੁਹਾਡਾ ਵਿਸ਼ਵਾਸ ਪਾਤਰ,

ੳ, ਅ, ੲ 


Post a Comment

0 Comments