ਪੰਜਾਬੀ ਪੱਤਰ -ਸੰਪਾਦਕ ਦੇ ਨਾਂ ਚਿੱਠੀ ਲਿਖੋ ਅਤੇ ਆਪਣੇ ਇਲਾਕੇ ਵਿੱਚ ਵਿਗੜਦੀ ਜਾਂਦੀ ਬੱਸ ਸੇਵਾ ਪ੍ਰਤੀ ਚਿੰਤਾ ਪ੍ਰਗਟ ਕਰੋ।

ਅਖ਼ਬਾਰ ਦੇ ਸੰਪਾਦਕ ਦੇ ਨਾਂ ਚਿੱਠੀ ਲਿਖੋ ਅਤੇ ਆਪਣੇ ਇਲਾਕੇ ਵਿੱਚ ਵਿਗੜਦੀ ਜਾਂਦੀ ਬੱਸ ਸੇਵਾ ਪ੍ਰਤੀ ਚਿੰਤਾ ਪ੍ਰਗਟ ਕਰੋ।



ਪਰੀਖਿਆ ਭਵਨ,

ਸ਼ਹਿਰ। 

13.03.20...


ਸੇਵਾ ਵਿਖੇ,

ਸੰਪਾਦਕ ਸਾਹਿਬ ਜੀ,

ਪੰਜਾਬੀ ਟ੍ਰਿਬਿਊਨ,

ਚੰਡੀਗੜ੍ਹ।


ਵਿਸ਼ਾ : ਇਲਾਕੇ ਵਿੱਚ ਵਿਗੜਦੀ ਬੱਸ ਸੇਵਾ ਸੰਬੰਧੀ।


ਸ੍ਰੀਮਾਨ ਜੀ,

ਬੇਨਤੀ ਹੈ ਕਿ ਮੈਂ ਆਪ ਜੀ ਦੇ ਅਖ਼ਬਾਰ ਰਾਹੀਂ ਆਪਣੇ ਇਲਾਕੇ ਵਿੱਚ ਵਿਗੜਦੀ ਜਾ ਰਹੀ ਬੱਸ ਸੇਵਾ ਸੰਬੰਧੀ ਸਮੱਸਿਆ ਨੂੰ ਅਧਿਕਾਰੀਆਂ ਤੱਕ ਪਹੁੰਚਾਉਣਾ ਚਾਹੁੰਦਾ ਹਾਂ। ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਇਨ੍ਹਾਂ ਵਿਚਾਰਾਂ ਨੂੰ ਜਰੂਰ ਛਾਪੋਗੇ।

ਸਾਡਾ ਪਿੰਡ ਸ਼ਹਿਰ ਤੋਂ ਪੱਚੀ ਕਿਲੋਮੀਟਰ ਦੂਰ ਮੁੱਖ ਸੜਕ ਤੋਂ ਛੇ ਕਿਲੋਮੀਟਰ ਹਟਵਾਂ ਹੈ।ਸਾਡੇ ਪਿੰਡ ਵੱਲੋਂ ਸ਼ਹਿਰੋਂ ਜਾਣ ਤੇ ਆਉਣ ਲਈ ਸਵੇਰੇ ਛੇ ਵਜੇ ਤੋਂ ਸ਼ਾਮੀਂ ਸੱਤ ਵਜੇ ਤੱਕ ਬੱਸਾਂ ਦੇ ਲਗਪਗ ਸੱਤ ਟਾਈਮ ਹਨ।ਸਾਡਾ ਪਿੰਡ ਛੋਟਾ ਹੋਣ ਕਰਕੇ ਲੰਮੇ ਰੂਟ ਵਾਲੀ ਕੋਈ ਬੱਸ ਇੱਥੇ ਨਹੀਂ ਰੁਕਦੀ। ਇਸ ਲਈ ਲੋਕ ਲੋਕਲ ਤੇ ਮਿੰਨੀ ਬੱਸਾਂ ਰਾਹੀਂ ਹੀ ਸ਼ਹਿਰ ਆਉਂਦੇ ਜਾਂਦੇ ਹਨ। ਇਸ ਰੂਟ 'ਤੇ ਸਾਡੇ ਇਲਾਕੇ ਦੇ ਤੇਰਾਂ ਪਿੰਡ ਪੈਂਦੇ ਹਨ।

ਉੱਡੀ ਸਮੱਸਿਆ ਇਹ ਹੈ ਕਿ ਕਾਫ਼ੀ ਸਮੇਂ ਤੋਂ ਇਸ ਇਲਾਕੇ ਵਿੱਚ ਬੱਸਾਂ ਨਾ ਸਮੇਂ ਸਿਰ ਆਉਂਦੀਆਂ ਹਨ ਤੇ ਬਹੁਤੀ ਵਾਰੀ ਤਾਂ ਬੱਸਾਂ ਵਾਲੇ ਬੱਸ ਚਲਾਉਂਦੇ ਹੀ ਨਹੀਂ। ਇਸ ਨਾਲ ਬੱਸਾਂ ਵਿੱਚ ਬਹੁਤ ਭੀੜ ਵੀ ਹੋ ਜਾਂਦੀ ਹੈ ਤੇ ਲੋਕਾਂ ਨੂੰ ਵਧੇਰੇ ਸਮਾਂ ਬੱਸਾਂ ਦੀ ਉਡੀਕ ਕਰਦਿਆਂ ਆਪਣਾ ਸਮਾਂ ਵੀ ਬਰਬਾਦ ਕਰਨਾ ਪੈਂਦਾ ਹੈ। ਇਸੇ ਤਰ੍ਹਾਂ ਸਵੇਰ ਦੇ ਸਮੇਂ ਬੱਸ ਜਦੋਂ ਸਮੇਂ ਸਿਰ ਨਹੀਂ ਆਉਂਦੀ ਤਾਂ ਸਕੂਲ ਜਾਣ ਵਾਲੇ ਵਿਦਿਆਰਥੀਆਂ ਨੂੰ ਬਹੁਤ ਪਰੇਸ਼ਾਨੀ ਆਉਂਦੀ ਹੈ। ਇਹੋ ਹਾਲ ਓਦੋਂ ਹੁੰਦਾ ਹੈ ਜਦੋਂ ਨੌਕਰੀ 'ਤੇ ਸ਼ਹਿਰ ਜਾਣ ਵਾਲਿਆਂ ਦੇ ਸਮੇਂ 'ਤੇ ਵੀ ਬੱਸ ਨਹੀਂ ਆਉਂਦੀ। ਬੱਸਾਂ ਦੇ ਮਾਲਕ ਇੱਕੋ ਗੇੜੇ ਵਿੱਚ ਵਧੇਰੇ ਸਵਾਰੀਆਂ ਬਿਠਾ ਕੇ ਵਧੇਰੇ ਪੈਸੇ ਕਮਾਉਣਾ ਚਾਹੁੰਦੇ ਹਨ ਪਰ ਇਸ ਨਾਲ ਲੋਕਾਂ ਨੂੰ ਬਹੁਤ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰੀ ਸਰਕਾਰੀ ਬੱਸਾਂ ਵਾਲੇ ਡਰਾਈਵਰ ਕੰਡਕਟਰ ਵੀ ਪਤਾ ਨਹੀਂ ਕਿਸ ਕਾਰਨ ਜਾਣ ਬੁੱਝ ਕੇ ਬੱਸਾਂ ਦੇਰ ਨਾਲ ਚਲਾਉਂਦੇ ਹਨ। ਅਸੀਂ ਵੇਖਦੇ ਹਾਂ ਕਿ ਅੱਗੇ ਨਿੱਜੀ ਕੰਪਨੀ ਦੀ ਬੱਸ ਸਵਾਰੀਆਂ ਨਾਲ ਭਰੀ ਜਾ ਰਹੀ ਹੁੰਦੀ ਹੈ ਤੇ ਪਿੱਛੇ ਸਰਕਾਰੀ ਬੱਸ ਲਗਪਗ ਖ਼ਾਲੀ ਖੜਕਦੀ ਜਾ ਰਹੀ ਹੁੰਦੀ ਹੈ। 

ਮੈਨੂੰ ਉਮੀਦ ਹੈ ਕਿ ਤੁਸੀਂ ਮੇਰੀ ਇਹ ਚਿੱਠੀ ਅਖ਼ਬਾਰ ਵਿੱਚ ਜ਼ਰੂਰ ਛਾਪੋਗੇ ਤੇ ਮਹਿਕਮੇ ਨਾਲ ਸੰਬੰਧਤ ਅਧਿਕਾਰੀ ਵੀ ਸਾਡੇ ਇਲਾਕੇ ਦੀ ਇਸ ਸਮੱਸਿਆ ਵੱਲ ਵਿਸ਼ੇਸ਼ ਧਿਆਨ ਦੇਣਗੇ। ਇਸ ਲਈ ਮੈਂ ਆਪ ਜੀ ਦਾ ਬਹੁਤ ਹੀ ਧੰਨਵਾਦੀ ਹੋਵਾਂਗਾ। 

ਤੁਹਾਡਾ ਵਿਸ਼ਵਾਸ ਪਾਤਰ, 

ੳ ਅ ੲ


Post a Comment

0 Comments