ਮੇਮਣੇ ਦੀ ਚਤੁਰਾਈ
ਇਕ ਵਾਰ ਇਕ ਬਘਿਆੜ ਭੇਡਾਂ ਦੇ ਝੁੰਡ ਵਿਚੋਂ ਇਕ ਮੇਮਣੇ ਨੂੰ ਚੁੱਕ ਲਿਆਇਆ। ਜਦ ਉਹ ਜੰਗਲ ਵਿਚ ਲਿਆ ਕੇ ਉਸ ਨੂੰ ਖਾਣ ਲੱਗਾ ਤਾਂ ਮੇਮਣਾ ਬੋਲਿਆ-“ਬਘਿਆੜ ਮਾਮਾ ! ਜੇ ਤੁਸੀਂ ਮੈਨੂੰ ਚੁੱਕ ਹੀ ਲਿਆਏ ਹੋ ਤਾਂ ਖਾਵੋਗੇ ਵੀ। ਪਰ ਜੇ ਮੈਂ ਇਸ ਤਰ੍ਹਾਂ ਹੀ ਮਰ ਗਿਆ ਤਾਂ ਮੇਰੀ ਇਕ ਇੱਛਾ ਅਧੂਰੀ ਰਹਿ ਜਾਵੇਗੀ।”
"ਕੀ"
“ਮੈਂ ਸੁਣਿਆ ਏ ਕਿ ਤੁਸੀਂ ਗਾਣਾ ਬਹੁਤ ਵਧੀਆ ਗਾਉਂਦੇ ਹੋ। ਮੇਰੀ ਮਾਂ ਵੀ ਤੁਹਾਡੀ ਬੜੀ ਤਾਰੀਫ਼ ਕਰਦੀ ਹੈ। ਕੀ ਮੇਰੇ ਮਰਨ ਤੋਂ ਪਹਿਲਾਂ ਤੁਸੀਂ ਮੈਨੂੰ ਇਕ ਗਾਣਾ ਨਹੀਂ ਸੁਣਾਓਗੇ ?”
ਮੇਮਣੇ ਦੀ ਗੱਲ ਸੁਣ ਕੇ ਬਘਿਆੜ ਫੁੱਲ ਗਿਆ। ਉਹ ਬੋਲਿਆ–“ਕਿਉਂ ਨਹੀਂ ਭਾਣਜੇ...ਜਦ ਤੂੰ ਏਨੀ ਜ਼ਿਦ ਕਰ ਰਿਹਾ ਏਂ ਤਾਂ ਇਕ ਗਾਣਾ ਸੁਣਾਉਣ ਵਿਚ ਹਰਜ ਹੀ ਕੀ ਹੈ ?” ਕਹਿ ਕੇ ਬਘਿਆੜ ਗਾਣਾ ਗਾਉਣ ਲੱਗ ਲੱਗਾ।
ਗਾਉਂਦੇ ਸਮੇਂ ਉਸ ਨੂੰ ਇਹ ਵੀ ਧਿਆਨ ਨਾ ਰਿਹਾ ਕਿ ਜੰਗਲ ਵਿਚ ਸ਼ਿਕਾਰੀ ਕੁੱਤੇ ਵੀ ਘੁੰਮ ਰਹੇ ਹਨ।
ਮੇਮਣਾ ਤਾਂ ਹੈ ਹੀ ਇਸ ਮੌਕੇ ਦੀ ਤਲਾਸ਼ ਵਿਚ ਸੀ ਕਿ ਕਦੋਂ ਬਘਿਆੜ ਦੀ ਬੇਸੁਰੀ ਆਵਾਜ਼ ਸੁਣ ਕੇ ਉਸਦਾ ਮਾਲਿਕ ਅਤੇ ਸ਼ਿਕਾਰੀ ਕੁੱਤੇ ਉਥੇ ਪਹੁੰਚਣ।
ਕੁਝ ਦੇਰ ਬਾਅਦ ਅਜਿਹਾ ਹੀ ਹੋਇਆ। ਸ਼ਿਕਾਰੀ ਕੁੱਤੇ ਅਤੇ ਮੇਮਣੇ ਦਾ ਮਾਲਿਕ ਉਥੇ ਆ ਪਹੁੰਚੇ।
ਮਾਲਿਕ ਨੇ ਮੇਮਣੇ ਨੂੰ ਸੰਭਾਲਿਆ ਅਤੇ ਕੁੱਤਿਆਂ ਨੇ ਬਘਿਆੜ ਨੂੰ ਚੀਰ ਫਾੜ ਕੇ ਸੁੱਟ ਦਿੱਤਾ।
0 Comments