ਪੰਜਾਬੀ ਲੇਖ "ਲੋਹੜੀ" 800 ਸ਼ਬਦਾਂ ਵਿੱਚ ਕਲਾਸ 10, 11 ਅਤੇ 12 ਵਿਦਿਆਰਥੀ ਦੇ ਲਈ।

ਪੰਜਾਬੀ ਲੇਖ "ਲੋਹੜੀ"

ਭੂਮਿਕਾ

ਤਿੱਥ-ਤਿਉਹਾਰ ਲੋਕ ਜੀਵਨ ਨੂੰ ਪ੍ਰਗਟਾਉਣ ਦੇ ਸ਼ਕਤੀਸ਼ਾਲੀ ਮਾਧਿਅਮ ਹਨ। ਇਨ੍ਹਾਂ ਵਿੱਚ ਸੰਬੰਧਿਤ ਕੌਮ ਦੀ ਹਜ਼ਾਰਾਂ ਵਰ੍ਹਿਆਂ ਦੀ ਅਕਲ ਅਤੇ ਤਜ਼ਰਬਾ ਹੀ ਸ਼ਾਮਲ ਨਹੀਂ ਹੁੰਦਾ, ਬਲਕਿ ਉਸ ਕੌਮ ਦਾ ਸੁਭਾਅ ਵੀ ਚਿਤਰਿਆ ਹੁੰਦਾ ਹੈ। ਲੋਕ ਜੀਵਨ ਦੀ ਅਭਿਵਿਅਕਤੀ ਹੋਣ ਕਰਕੇ ਇਨ੍ਹਾਂ ਰਾਹੀਂ ਮਨ ਖਿੜਦਾ ਹੈ, ਜੀਵਨ ਮਹਿਕਦਾ ਹੈ, ਸੁਆਦ ਜਾਗਦਾ ਹੈ, ਸਮਾਜ ਵਿੱਚ ਰੰਗੀਨੀ ਆਉਂਦੀ ਹੈ, ਨਵੀਂ ਸ਼ਕਤੀ ਉੱਭਰਦੀ ਹੈ, ਨਵੇਂ ਸੰਕਲਪ ਜਾਗਦੇ ਹਨ।ਖ਼ਾਸ- ਅੰਗ ਬਣ ਕੇ ਤਿਉਹਾਰਾਂ ਖ਼ਾਸ ਮੌਕਿਆਂ 'ਤੇ ਸਮੂਹਿਕ ਰੂਪ ਵਿੱਚ ਕੀਤੀਆਂ ਵਿਸ਼ੇਸ਼ ਵਿਧੀਆਂ ਅਤੇ ਕਿਰਿਆਵਾਂ ਹੀ ਸਮੇਂ ਨਾਲ ਜੀਵਨ ਪ੍ਰਵਾਹ ਦਾ ਦਾ ਰੂਪ ਧਾਰਨ ਕਰ ਲੈਂਦੀਆਂ ਹਨ। ਤਿਉਹਾਰਾਂ ਦਾ ਮੁੱਢ ਮਨੁੱਖ ਦੀ ਸਮੂਹਿਕ ਵਿਕਾਸ ਦੀ ਭਾਵਨਾ ਵਿੱਚੋਂ ਬੱਝਿਆ। ਹੌਲੀ-ਹੌਲੀ ਸਾਰਾ ਸਮਾਜਿਕ, ਧਾਰਮਿਕ ਅਤੇ ਭਾਈਚਾਰਕ ਜੀਵਨ ਇਸ ਦੀ ਲਪੇਟ ਵਿੱਚ ਆ ਗਿਆ। ਇੰਝ ਤਿਉਹਾਰਾਂ ਦੀ ਕਹਾਣੀ ਬੜੀ ਪੁਰਾਣੀ ਹੈ।

ਅਰਥ 

ਲੋਹੜੀ ਨੂੰ ਲੋਹੀ, ਲੋਈ, ਮੋਹ-ਮਾਈ ਆਦਿ ਨਾਂਵਾਂ ਨਾਲ ਜਾਣਿਆ ਜਾਂਦਾ ਹੈ। ਲੋਹੜੀ ਸ਼ਬਦ ਲੋਂਹਡੀ ਤੋਂ ਨਿਕਲਿਆ ਜਾਂ ਲੋਰੀ ਤੋਂ, ਤਿਲ ਰੋੜੀ ਤੋਂ ਬਣਿਆ ਜਾਂ ਲੱਕੜੀ, ਗੋਹੇ ਅਤੇ ਰਿਓੜੀ ਦੇ ਵਰਨਾਂ ਦੇ ਮੇਲ ਤੋਂ, ਲੋਕ ਮਨ ਨੂੰ ਇਸ ਨਾਲ ਕੋਈ ਸਰੋਕਾਰ ਨਹੀਂ। ਲੋਹੜੀ ਦਾ ਮੁੱਢ ਸਖ਼ਤ ਸਰਦੀ ਵਿੱਚ ਸੂਰਜ ਤੋਂ ਵਧੇਰੇ ਨਿੱਘੀਆਂ ਕਿਰਨਾਂ ਪ੍ਰਾਪਤ ਕਰਨ ਲਈ ਕੀਤੇ ਜਾਂਦੇ-ਟੂਣੇ ਤੋਂ ਬੱਝਿਆ।

ਮਹੱਤਵ 

ਪੰਜਾਬੀਆਂ ਲਈ ਹਰ ਪਲ ਇੱਕ ਪਰਵ ਹੈ ਅਤੇ ਹਰ ਦਿਨ ਇੱਕ ਮੇਲਾ। ਤਿੱਥ-ਤਿਉਹਾਰਾਂ ਦੇ ਇਸ ਕਾਫ਼ਲੇ ਵਿੱਚੋਂ ਲੋਹੜੀ ਦੀ ਆਪਣੀ ਵਿਲੱਖਣਤਾ ਅਤੇ ਰੋਚਕਤਾ ਹੈ। ਪੋਹ ਮਹੀਨੇ ਦੇ ਆਖ਼ਰੀ ਦਿਨ ਅਰਥਾਤ ਮਾਘ ਦੀ ਸੰਗਰਾਂਦ ਤੋਂ ਪਹਿਲੀ ਰਾਤ ਨੂੰ ਲੋਹੜੀ ਮਨਾਈ ਜਾਂਦੀ ਹੈ। ਸੰਨ ਈਸਵੀ ਅਨੁਸਾਰ ਲੋਹੜੀ 13 ਜਨਵਰੀ ਦੇ ਆਸ-ਪਾਸ ਹੁੰਦੀ ਹੈ। ਦੱਖਣੀ ਭਾਰਤ ਵਿੱਚ ਇਸ ਸਮੇਂ ਪੋਂਗਲ ਦਾ ਤਿਉਹਾਰ ਮਨਾਇਆ ਜਾਂਦਾ ਹੈ। ਕਦੇ-ਕਦੇ ਲੋਹੜੀ ਮਾਘ ਦੇ ਸ਼ੁਰੂ ਵਿੱਚ ਆ ਜਾਂਦੀ ਹੈ। ਮਘਦੀ ਅੱਗ ਵਾਂਗ ਲੋਹੜੀ ਵੇਲੇ ਲੋਕਾਂ ਦੇ ਚਿਹਰੇ ਵੀ ਦਗ-ਦਗ ਕਰਦੇ ਖਿੜ੍ਹੇ ਹੁੰਦੇ ਹਨ।ਜਿੰਨੀ ਉੱਚੀ ਕਿਸੇ ਦੀ ਲੋਹੜੀ ਹੁੰਦੀ ਹੈ ਉੱਨੀ ਹੀ ਉੱਚੀ ਉਸ ਦੀ ਸ਼ਾਨ ਮੰਨੀ ਜਾਂਦੀ ਹੈ।

ਕੁਦਰਤੀ ਮਾਹੌਲ 

ਕਣਕ ਦੀ ਬਿਜਾਈ ਤੋਂ ਵਿਹਲੇ ਹੋ ਕੇ ਲੋਕ ਲੋਹੜੀ ਦੀ ਉਡੀਕ ਕਰਦੇ ਹਨ। ਮੌਸਮ ਅਨੁਸਾਰ ਖਾਣ ਅਤੇ ਅੱਗ ਸੇਕਣ ਦਾ ਵਿਸ਼ੇਸ਼ ਮਹੱਤਵ ਹੈ। ਸਧਾਰਨ ਜਨਤਾ ਲਈ ‘ਲੋਹੜੀ’ ਦਾ ਅਰਥ ਕੇਵਲ ਇਕੱਠੇ ਹੋ ਕੇ ਅੱਗ ਸੇਕਣਾ ਜਾਂ ਅੰਗ ਦੀ ਪੂਜਾ ਅਤੇ ਮੌਸਮ ਅਨੁਸਾਰ ਖਾਣਾ ਹੀ ਹੈ। ਤਿਲ, ਚੌਲ, ਗੁੜ, ਸ਼ੱਕਰ, ਕੁਲਰ ਵਰਗੇ ਸੁਆਦੀ ਪਦਾਰਥ ਅਤੇ ਇਨ੍ਹਾਂ ਵਿੱਚ ਡੁੱਲ੍ਹ-ਡੁੱਲ੍ਹ ਪੈਂਦੀ ਤਿਲਾਂ ਦੀ ਮਹਿਕ ਦੀ ਚਰਚਾ ਕਰਦਿਆਂ ਕਵੀ ਗੁਪਾਲ ਸਿੰਘ ਲਿਖਦਾ ਹੈ :

“ਚੜ੍ਹਿਆ ਪੋਹ ਪਾਲਾ ਹੁਣ ਦੇਵਰ, ਗਰਮ ਬਣਾਈਆਂ ਪਿੰਨੀਆਂ ਵੇ।

ਹੋਰ ਮਸਾਲਾ ਥੋੜ੍ਹਾ ਪਾਈਏ, ਘਿਓ ਪਾਈਏ ਅਣਮਿਣਿਆ ਵੇ। 

ਜਾਵੀਂ ਦਿਉਰਾ ! ਤਿਲੁ ਤੂੰ ਲਿਆਵੀਂ, ਮਾਘ ਮਹਾਤਮ ਲਿਆਇਆ ਈ। 

ਤਿਲੁ ਹੀ ਖਾਣਾ, ਤਿਲੁ ਹੀ ਪੀਣਾ, ਤਿਲੁ ਹੀ ਦਾਨ ਕਰਾਇਆ ਈ।”

 

ਇਤਿਹਾਸਿਕ ਪੱਖ 

ਲੋਹੜੀ ਨਾਲ ਜੁੜੀਆਂ ਕਥਾਵਾਂ ਵਿੱਚੋਂ ਮੁੱਖ ਕਥਾ ਦੁੱਲਾ ਭੱਟੀ ਦੀ ਹੈ। ਦੁੱਲਾ ਭੱਟੀ ਬਾਦਸ਼ਾਹ ਅਕਬਰ ਦਾ ਸਮਕਾਲੀ ਸੀ। ਗ਼ਰੀਬ ਬ੍ਰਾਹਮਣ ਦੀਆਂ ਧੀਆਂ ਸੁੰਦਰੀ ਤੇ ਮੁੰਦਰੀ, ਜਿਨ੍ਹਾਂ ਦੀ ਮੰਗਣੀ ਹੋ ਚੁੱਕੀ ਸੀ ਨੂੰ, ਇਲਾਕੇ ਦਾ ਹਾਕਮ ਸੁੰਦਰਤਾ ਕਾਰਨ ਹਾਸਲ ਕਰਨਾ ਚਾਹੁੰਦਾ ਸੀ। ਕੁੜੀਆਂ ਦੇ ਹੋਣ ਵਾਲੇ ਸਹੁਰੇ ਵੀ ਹਾਕਮ ਤੋਂ ਡਰਦਿਆਂ ਪਿੱਠ ਵਿਖਾਉਣ ਲੱਗ ਪਏ। ਦੁਖੀ ਬ੍ਰਾਹਮਣ ਨੇ ਸਾਰੀ ਘਟਨਾ ਦੁੱਲੇ ਡਾਕੂ ਨੂੰ ਕਹਿ ਸੁਣਾਈ। ਦੁੱਲਾ ਗ਼ਰੀਬਾਂ ਦਾ ਸੀ। ਦੁੱਲੇ ਤੋਂ ਡਰਦਿਆਂ ਕੁੜੀਆਂ ਦੇ ਸਹੁਰੇ ਕੁੜੀਆਂ ਵਿਆਹੁਣ ਆਏ ਦੁੱਲੇ ਦੀ ਆਰਥਿਕ ਹਾਲਤ ਸਹਾਇਕ ਸੂਰਮਾ ਮਾੜੀ ਸੀ। ਉਸ ਨੇ ਕੁੜੀਆਂ ਦਾ ਚਾਚਾ ਬਣ ਕੇ ਜੰਗਲ ਵਿੱਚ ਹੀ ਅੱਗ ਬਾਲ ਕੇ ਸੁੰਦਰੀ-ਮੁੰਦਰੀ ਦਾ ਵਿਆਹ ਕੀਤਾ।ਜੋ ਸ਼ੱਕਰ ਉਸ ਪਾਸ ਸੀ ਉਸ ਨੇ ਕੰਨਿਆਂ ਦਾਨ ਵੇਲੇ ਉਨ੍ਹਾਂ ਦੀ ਝੋਲੀ ਪਾ ਦਿੱਤੀ।

ਲੋਹੜੀ ਮੰਗਣਾ 

ਲੋਹੜੀ ਤੋਂ ਕੁਝ ਦਿਨ ਪਹਿਲਾਂ ਹੀ ਕੁੜੀਆਂ-ਮੁੰਡਿਆਂ ਦੀਆਂ ਟੋਲੀਆਂ ਲੋਕੜੀ, ਗੋਹਾ, ਗੁੜ ਆਦਿ ਇਕੱਠਾ ਕਰਨ ਤੁਰਦੀਆਂ ਹਨ। ਬੜੀ ਚਤਰਾਈ ਅਤੇ ਵਡਿਆਈ ਨਾਲ ਵਸਤਾਂ ਮੰਗੀਆਂ ਜਾਂਦੀਆਂ ਹਨ।

ਲੋਹੜੀ ਦੇ ਗੀਤ 

ਲੋਹੜੀ ਦੇ ਤਿਉਹਾਰ ਨਾਲ ਜੁੜੇ ਸਭ ਤੋਂ ਵਧੇਰੇ ਗੀਤ ਮਿਲਦੇ ਹਨ ਜੋ ਇਸ ਗੱਲ ਦਾ ਸੂਚਕ ਹਨ ਕਿ ਇਸ ਤਿਉਹਾਰ ਨਾਲ ਲੋਕ-ਭਾਵਨਾ ਸਭ ਤੋਂ ਵੱਧ ਜੁੜੀ ਹੋਈ ਹੈ। ਪਰਿਵਾਰ ਹੀ ਅਜਿਹਾ ਪਵਿੱਤਰ ਮੰਦਰ ਹੈ ਜਿੱਥੇ ਕੁਲ ਦੀਆਂ ਪਰੰਪਰਾਵਾਂ ਨੂੰ ਸੁਰਜੀਤ ਰੱਖਣ ਲਈ ਸੰਤਾਨ ਦੀ ਲੋੜ ਹੁੰਦੀ ਹੈ। ਇਸੇ ਕਾਰਨ ਲੋਹੜੀ ਦੇ ਗੀਤਾਂ ਵਿੱਚ ਲੋਹੜੀ ਦੇਣ ਵਾਲੇ ਪਰਿਵਾਰ ਦੇ ਕੁਆਰੇ ਪੁੱਤਰਾਂ ਦੇ ਵਿਆਹ ਹੋਣ ਅਤੇ ਵਿਆਹਿਆਂ ਦੇ ਘਰ ਪੁੱਤਰ ਜੰਮਣ ਦੀਆਂ ਸ਼ੁਭ ਕਾਮਨਾਵਾਂ ਪ੍ਰਗਟ ਕੀਤੀਆਂ ਜਾਂਦੀਆਂ ਹਨ।

ਸਾਂਝਾ ਪਿੜ 

ਲੋਹੜੀ ਦੀ ਸੱਥ ਪੰਜਾਬੀਆਂ ਦਾ ਸਾਂਝਾ ਪਿੜ ਹੈ। ਸਾਰੇ ਪੰਜਾਬੀ ਰਲ-ਮਿਲ ਕੇ ਇਹ ਤਿਉਹਾਰ ਮਨਾਉਂਦੇ ਹਨ। ਹਿੰਦੂ, ਮੁਸਲਿਮ, ਸਿੱਖ, ਈਸਾਈ ਸਭ ਭਾਈ-ਭਾਈ ਲੱਗਣ ਲੱਗ ਪੈਂਦੇ ਹਨ। ਲੋਹੜੀ ਦੇ ਲੋਕ-ਗੀਤਾਂ ਵਿੱਚ ਸਭ ਧਰਮਾਂ ਪ੍ਰਤੀ ਹਮਦਰਦੀ ਪੈਦਾ ਕਰਕੇ ਇਸ ਤਿਉਹਾਰ ਨੂੰ ਭਾਵਨਾਤਮਿਕ ਏਕਤਾ ਦਾ ਪਰਵ ਬਣਾ ਦਿੱਤਾ ਹੈ।ਲੋਹੜੀ ਵਾਲੇ ਦਿਨ ਸਾਰੇ ਸਮਾਨ ਨੂੰ ਇੱਕ ਖੁੱਲ੍ਹੀ ਥਾਂ ਚਿਣ ਕੇ, ਹਨੇਰਾ ਹੋਣ ਤੇ ਲੋਹੜੀ ਨੂੰ ਅੱਗ ਲਾ ਦਿੱਤੀ ਜਾਂਦੀ ਹੈ। ਲੋਹੜੀ ਦੇ ਧੂੰਏਂ ਵਿੱਚ ਸਭਨਾਂ ਵੱਲੋਂ ਹਵਨ ਸਮੱਗਰੀ ਪਾਈ ਜਾਂਦੀ ਹੈ। ਸਾਰੇ ਲੋਹੜੀ ਦੁਆਲੇ ਬੈਠ ਜਾਂਦੇ ਹਨ। ਅੱਧੀ-ਅੱਧੀ ਰਾਤ ਤੀਕ ਧਮਾਲਾਂ ਪਾ ਕੇ, ਨੱਚ ਗਾ ਕੇ ਖ਼ੁਸ਼ ਹੁੰਦੇ ਹਨ। ਮਘਦੀ ਅੱਗ ਵਾਂਗ ਲੋਕਾਂ ਦੇ ਚਿਹਰੇ ਵੀ ਦਗ-ਦਗ ਕਰਦੇ ਖਿੜ੍ਹ ਜਾਂਦੇ ਹਨ। ਜਾਤ-ਬਰਾਦਰੀ ਤੋਂ ਉੱਪਰ ਉੱਠ ਸਾਂਝੀਆਂ ਵਧਾਈਆਂ ਦਾ ਗੁੜ ਵਰਤਾਵੇ ਵੰਡਦੇ ਹਨ।

ਦਾਨ-ਪੁੰਨ 

ਦਾਨ ਇਸ ਦਿਨ ਦਾ ਮੁੱਖ ਸ਼ਗਨ ਹੈ।ਘਰ ਲੋਹੜੀ ਲੈਣ ਆਇਆਂ ਨੂੰ ਕੁਝ ਦੇ ਕੇ ਤੋਰਿਆ ਜਾਂਦਾ ਹੈ। ਹੋਰ ਕਈ ਪ੍ਰਕਾਰ ਦੇ ਦਾਨ-ਪੁੰਨ ਕੀਤੇ ਜਾਂਦੇ ਹਨ। ਵਿਆਹ ਉਪਰਾਂਤ ਪਹਿਲੀ ਲੋਹੜੀ ਧੂਮਧਾਮ ਨਾਲ ਮਨਾਈ ਜਾਂਦੀ ਹੈ।

ਸਾਰਾਂਸ਼

ਸਮਾਂ ਬਦਲਦਾ ਹੈ; ਸਮਾਜ ਬਦਲ ਜਾਂਦਾ ਹੈ; ਸਮਾਜਿਕ ਕਦਰਾਂ-ਕੀਮਤਾਂ ਬਦਲ ਜਾਂਦੀਆਂ ਹਨ; ਰਸਮ- ਰਿਵਾਜ ਬਦਲ ਜਾਂਦੇ ਹਨ, ਲੋੜਾਂ ਬਦਲਦੀਆਂ ਹਨ, ਸਾਡੇ ਚੇਟਕ ਬਦਲ ਜਾਂਦੇ ਹਨ।ਅੱਜ ਦੀ ਤੇਜ਼ ਗਤੀ ਨੇ, ਰੱਦੋਬਦਲ ਨੇ ਸਾਡੇ ਤਿਉਹਾਰਾਂ ਦਾ ਰੰਗ-ਢੰਗ ਹੀ ਬਦਲ ਦਿੱਤਾ ਹੈ ਪਰ ਧਿਆਨ ਨਾਲ ਵੇਖੀਏ ਤਾਂ ਅੱਜ ਵੀ ਲੋਹੜੀ ਕਾਰਨ ਸਾਡੇ ਅੰਦਰ ਸਾਂਝ ਦੀ ਇੱਕ ਤਾਰ ਜੁੜੀ ਹੋਈ ਹੈ।





Post a Comment

0 Comments