5 Punjabi "ਅਣਡਿੱਠਾ ਪੈਰਾ" Unseen Paragraph passage exercise examples with question for Class 9, 10 and 12 Students.

ਅਣਡਿੱਠਾ ਪੈਰਾ 

ਅਣਡਿੱਠਾ ਪੈਰਾ - 1

ਗਾਉਣਾ ਤੇ ਨੱਚਣਾ ਮਨੁੱਖੀ ਖ਼ੁਸ਼ੀ ਦੇ ਸਰੀਰਕ ਪ੍ਰਗਟਾਵੇ ਹਨ। ਜਦੋਂ ਮਨੁੱਖ ਮੌਜ ਵਿੱਚ ਜਾਂ ਤਰੰਗ ਵਿੱਚ ਆਇਆ ਹੁੰਦਾ ਹੈ ਤਾਂ ਉਹ ਆਪ-ਮੁਹਾਰੇ ਕੋਈ ਗੀਤ ਗੁਣ-ਗੁਣਾਉਣ ਲੱਗ ਜਾਂਦਾ ਹੈ, ਕੋਈ ਹੇਕ ਕੱਢਣ ਲੱਗਦਾ ਹੈ ਅਤੇ ਜਦੋਂ ਉਸਦੀ ਖ਼ੁਸ਼ੀ ਜ਼ਬਤ ਦੀਆਂ ਹੱਦਾਂ ਟੱਪ ਜਾਂਦੀ ਹੈ ਤਾਂ ਉਹ ਬੇ-ਅਖ਼ਤਿਆਰ ਨੱਚਣਾ ਸ਼ੁਰੂ ਕਰ ਦਿੰਦਾ ਹੈ।ਉਸ ਵੇਲੇ ਉਸਦੀ ਆਤਮਾ ਖੇੜਾ-ਖੇੜਾ ਹੋ ਉਠਦੀ ਹੈ ਤੇ ਮਨ ਉੱਪਰ ਇੱਕ ਨਸ਼ਾ, ਇੱਕ ਖੁਮਾਰ ਛਾ ਜਾਂਦਾ ਹੈ। ਮਨੁੱਖ ਆਪੇ ਨੂੰ ਭੁੱਲ ਜਾਂਦਾ ਹੈ, ਦੁਆਲੇ ਨੂੰ ਭੁੱਲ ਜਾਂਦਾ ਹੈ, ਸਭ ਕਾਸੇ ਨੂੰ ਭੁੱਲ ਜਾਂਦਾ ਹੈ। ਇਹ ਨਾਚ ਕਿਸੇ ਸੁਰ ਤਾਲ ਦਾ ਪਾਬੰਦ ਨਹੀਂ ਹੁੰਦਾ, ਕਿਸੇ ਨਿਯਮ ਜਾਂ ਬੰਦਸ਼ ਦਾ ਕੈਦ ਨਹੀਂ ਹੁੰਦਾ। ਲੋਕ ਜਿਵੇਂ ਤਰੰਗ ਆਵੇ, ਉਛਾਲ ਆਵੇ, ਨੱਚ ਲੈਂਦੇ ਹਨ। ਇਹੀ ਲੋਕ-ਨਾਚ ਹਨ।

ਪ੍ਰਸ਼ਨ 1. ਮਨੁੱਖ ਆਪਣੀ ਖ਼ੁਸ਼ੀ ਦਾ ਪ੍ਰਗਟਾਵਾ ਕਿਵੇਂ ਕਰਦਾ ਹੈ ?

ਪ੍ਰਸ਼ਨ 2. ਜਿਸ ਸਮੇਂ ਮਨੁੱਖ ਖ਼ੁਸ਼ੀ ਦੀਆਂ ਹੱਦਾਂ ਟੱਪ ਜਾਂਦਾ ਹੈ ਤਾਂ ਉਹ ਇਸ ਦਾ ਪ੍ਰਗਟਾਵਾ ਕਿਵੇਂ ਕਰਦਾ ਹੈ ?

ਪ੍ਰਸ਼ਨ 3. ਮਨੁੱਖ ਆਪਣੇ ਆਪੇ ਨੂੰ ਕਦੋਂ ਭੁੱਲ ਜਾਂਦਾ ਹੈ ? 

ਪ੍ਰਸ਼ਨ 4. ਕੀ ਲੋਕ-ਨਾਚ ਕਿਸੇ ਸੁਰ ਤਾਲ ਦਾ ਪਾਬੰਦ ਹੁੰਦਾ ਹੈ ? 

ਪ੍ਰਸ਼ਨ 5. ਪੈਰੇ ਦਾ ਢੁਕਵਾਂ ਸਿਰਲੇਖ ਲਿਖੋ।



ਅਣਡਿੱਠਾ ਪੈਰਾ - 2

ਸ਼ਾਮ ਦੀ ਸੈਰ ਵੀ ਕਿੰਨੀ ਗੁਣਕਾਰੀ, ਸੁਹਾਵਣੀ ਤੇ ਸਵਾਸਥ-ਵਰਧਕ ਹੁੰਦੀ ਹੈ। ਸਾਰੇ ਦਿਨ ਦੀ ਮਿਹਨਤ ਨਾਲ ਤਨ-ਮਨ ਦੇ ਮੈਲੇ ਹੋਏ ਕੱਪੜੇ ਸ਼ਾਮ ਦੀ ਸੈਰ ਦੇ ਸਰਫ਼ ਨਾਲ ਤੁਰੰਤ ਸਾਫ਼ ਹੋ ਜਾਂਦੇ ਹਨ, ਦਿਮਾਗ਼ ਉੱਜਲ ਹੋ ਜਾਂਦਾ ਹੈ, ਬੁੱਧੀ ਨਿਰਮਲ ਹੋ ਜਾਂਦੀ ਹੈ। ਇਉਂ ਜਾਪਦਾ ਹੈ, ਇਹ ਸੈਰ ਨਹੀਂ, ਤੁਰਦੀ-ਫਿਰਦੀ ਟਕਸਾਲ ਹੈ, ਜਿਸ ਵਿੱਚ ਪੈ ਕੇ ਸੁਰਤਿ, ਮੱਤ ਤੇ ਬੁੱਧੀ ਘੜੇ ਜਾਂਦੇ ਹਨ ਤੇ ਟਕਸਾਲੀ ਬਣ ਜਾਂਦੇ ਹੈ, ਖਰੇ ਸਿੱਕੇ ਵਾਂਗ ਹਰ ਥਾਂ ਚੱਲ ਸਕਦੇ ਹਨ। ਸ਼ਾਮ ਦੀ ਸੈਰ ਤੁਹਾਨੂੰ ਹਲਕਾ-ਫੁਲਕਾ ਕਰ ਦਿੰਦੀ ਹੈ। ਦਿਨ ਦੀ ਥਕਾਨ ਲਾਹੁੰਦੀ ਹੈ ਤੇ ਪੈਣ ਵਾਲੀ ਰਾਤ ਲਈ ਸੁਖਾਸਨ ਤਿਆਰ ਕਰਦੀ ਹੈ। ਤੁਸੀਂ ਤਰੋਤਾਜ਼ਾ ਹੋ ਕੇ ਮੁੜ ਕੰਮ ਵਿੱਚ ਜੁੱਟ ਸਕਦੇ ਹੋ, ਰੱਜ ਕੇ ਭੋਜਨ ਛਕ ਸਕਦੇ ਹੋ, ਮਿੱਠੀ ਨੀਂਦ ਸੌਂ ਸਕਦੇ ਹੋ, ਲਾਲਚੀ ਡਾਕਟਰ ਨੂੰ ਆਪਣੇ ਤੋਂ ਪਰ੍ਹਾਂ ਰੱਖ ਸਕਦੇ ਹੋ।

ਪ੍ਰਸ਼ਨ 1. ਸ਼ਾਮ ਦੀ ਸੈਰ ਦੇ ਕਿਹੜੇ ਖ਼ਾਸ ਲਾਭ ਹੁੰਦੇ ਹਨ ?

ਪ੍ਰਸ਼ਨ 2. ਸ਼ਾਮ ਦੀ ਸੈਰ ਦਾ ਦਿਮਾਗ਼ 'ਤੇ ਕਿਸ ਤਰ੍ਹਾਂ ਦਾ ਅਸਰ ਪੈਂਦਾ ਹੈ?

ਪ੍ਰਸ਼ਨ 3. ਸ਼ਾਮ ਦੀ ਸੈਰ ਨੂੰ ਕੀ ਆਖਦੇ ਹਨ ?

ਪ੍ਰਸ਼ਨ 4. ਸ਼ਾਮ ਦੀ ਸੈਰ ਦਾ ਰਾਤ ਦੀ ਚੰਗੀ ਨੀਂਦ ਤੇ ਸਵੇਰ ਦੀ ਤਰੋਤਾਜ਼ਗੀ ਨਾਲ ਕੀ ਸੰਬੰਧ ਹੈ ?

ਪ੍ਰਸ਼ਨ 5. ਪੈਰੇ ਦਾ ਢੁਕਵਾਂ ਸਿਰਲੇਖ ਲਿਖੋ।



ਅਣਡਿੱਠਾ ਪੈਰਾ - 3

ਮਨੁੱਖੀ ਹੋਂਦ ਲਈ ਪਾਣੀ ਦੀ ਅਵੱਸ਼ ਲੋੜ ਹੈ। ਅਸਲ ਵਿੱਚ ਜੀਵਨ ਦਾ ਅਰੰਭ ਹੀ ਪਾਣੀ ਵਿੱਚੋਂ ਹੋਇਆ ਹੈ। ਆਦਿ ਕਾਲੀਨ ਮੁਨੱਖ ਪਾਣੀ ਦੀ ਲੋੜ ਕੁਦਰਤੀ ਸੋਮਿਆਂ ਜਿਵੇਂ ਦਰਿਆਵਾਂ ਜਾਂ ਝੀਲਾਂ ਤੋਂ ਪੂਰੀ ਕਰਦਾ ਸੀ। ਸਾਡੇ ਪਾਸੇ ਯੁੱਗ ਦੀ ਯਾਦਗਾਰ ‘ਘਾਟ’ ਦਾ ਸ਼ਬਦ ਹੈ ਜਿਸ ਦਾ ਅਰਥ ਦਰਿਆ ਦਾ ਕੰਢਾ ਹੈ, ਅਰਥਾਤ ਪਾਣੀ ਭਰਨ ਤੇ ਨਹਾਉਣ-ਧੋਣ ਦੀ ਥਾਂ। ਇਸ ਤੋਂ ਇਲਾਵਾ ‘ਘਾਟ’ ਦਾ ਅਰਥ ਪੱਤਣ ਵੀ ਹੈ। ਪਾਣੀ ਭਰਨ ਵਾਲੀ ਥਾਂ ਲਈ ਪਨਘਟ ਸ਼ਬਦ ਵੀ ਹੈ, ਜਿਸ ਦਾ ਜ਼ਿਆਦਾ ਸੰਬੰਧ ਹਿੰਦੀ ਨਾਲ ਹੈ। ਉਂਞ ਪੰਜਾਬੀ ਵਿੱਚ ‘ਘਾਟ’ ਦੀ ਵਰਤੋਂ ਵੀ ਪਾਣੀ ਭਰਨ ਦੀ ਥਾਂ ਲਈ ਘੱਟ-ਵੱਧ ਹੀ ਹੁੰਦੀ ਹੈ ਅਤੇ ਇਸ ਦੀਆਂ ਪੈੜਾਂ ਕੇਵਲ ਅਖਾਣਾਂ ਜਾਂ ਮੁਹਾਵਰਿਆਂ ਵਿੱਚ ਹੀ ਦਿਸਦੀਆਂ ਹਨ, ਜਿਵੇਂ ‘ਘਰ-ਘਾਟ`, ‘ਘਰ ਦਾ ਨਾ ਘਾਟ ਦਾ’ ਅਤੇ ‘ਘਾਟ-ਘਾਟ ਦਾ ਪਾਣੀ ਪੀਣਾ।' ਘਰ ਦੇ ਟਾਕਰੇ ਘਾਟ ਦੀ ਵਰਤੋਂ ਤੋਂ ਇਸ ਥਾਂ ਦੀ ਮਹੱਤਤਾ ਦਾ ਭਲੀ-ਭਾਂਤ ਪਤਾ ਲੱਗ ਜਾਂਦਾ ਹੈ। ਘਾਟ ਤੋਂ ਅੱਗੇ ਚੱਲ ਕੇ ਖੂਹ ਦੀ ਕਾਢ ਸੱਭਿਅਤਾ ਦੇ ਵਿਕਾਸ ਦੀ ਇੱਕ ਵੱਡੀ ਘਟਨਾ ਹੈ। ਪੰਜਾਬੀ ਜਨ-ਜੀਵਨ ਵਿੱਚ ਖੂਹ ਦੀ ਸੰਸਥਾ ਨਵੇਕਲੀ ਹੈ। ਸਮੇਂ ਦੇ ਹੋਰ ਅੱਗੇ ਵਧਣ ਨਾਲ ਖੂਹਾਂ ਦੀ ਥਾਂ ਨਲਕੇ ਮੱਲ ਲੈਂਦੇ ਹਨ ਅਤੇ ਅੱਜ ਕੱਲ ਟੂਟੀਆਂ ਤੇ ਜਲਘਰਾਂ ਦਾ ਬੋਲ ਬਾਲਾ ਹੈ। ਇਸ ਤਰ੍ਹਾਂ ਸਮੇਂ ਦੇ ਫੇਰ ਨਾਲ ਪਨਘਟ ਤੇ ਖੂਹਾਂ ਤੋਂ ਪਾਣੀ ਭਰਨ ਦਾ ਰਿਵਾਜ, ਜੋ ਜਨਾਨੀਆਂ ਦਾ ਕਿੱਤਾ ਸੀ, ਇੱਕ ਬੀਤੇ ਸਮੇਂ ਦੀ ਯਾਦ ਬਣ ਕੇ ਰਹਿ ਗਿਆ ਹੈ। ਬਾਕੀਆਂ ਨਾਰਾਂ ਦਾ ਖੂਹ 'ਤੇ ਪਾਣੀ ਭਰਨਾ ਅਤੇ ਚਾਹਵਾਨ ਰਾਹੀਆਂ ਦਾ ਪਾਣੀ ਦਾ ਘੁੱਟ ਮੰਗਣਾ, ਸਾਡੇ ਲੋਕ ਗੀਤਾਂ ਦਾ ਇੱਕ ਸਜੀਵ ਦ੍ਰਿਸ਼ ਹੈ।

ਪ੍ਰਸ਼ਨ 1. ਮਨੁੱਖੀ ਹੋਂਦ ਲਈ ਕਿਸ ਦੀ ਲੋੜ ਲਾਜ਼ਮੀ ਹੈ ?

ਪ੍ਰਸ਼ਨ 2. ਜੀਵਨ ਦਾ ਆਰੰਭ ਕਿੱਥੋਂ ਹੋਇਆ ਸੀ ?

ਪ੍ਰਸ਼ਨ 3. ‘ਘਾਟ’ ਸ਼ਬਦ ਨਾਲ ਸੰਬੰਧਤ ਕਿਹੜੇ ਅਖਾਣ-ਮੁਹਾਵਰੇ ਮਿਲਦੇ ਹਨ?

ਪ੍ਰਸ਼ਨ 4, ਸਾਨੂੰ ਕਿੱਥੋਂ ਪਤਾ ਲੱਗਦਾ ਹੈ ਕਿ ਨਾਰਾਂ ਖੂਹਾਂ ਤੋਂ ਪਾਣੀ ਭਰਨ ਜਾਂਦੀਆਂ ਸਨ ?

ਪ੍ਰਸ਼ਨ 5. ਪੈਰੇ ਦਾ ਢੁਕਵਾਂ ਸਿਰਲੇਖ ਲਿਖੋ।



ਅਣਡਿੱਠਾ ਪੈਰਾ - 4

ਪੰਜਾਬੀ ਦੇ ਬੜੇ ਥੋੜ੍ਹੇ ਸਾਹਿਤਕਾਰ ਹਨ ਜਿਨ੍ਹਾਂ ਨੂੰ ਬੋਲੀ ਤੇ ਪੂਰਾ ਕਾਬੂ ਹੈ। ਪ੍ਰਿੰ: ਤੇਜਾ ਸਿੰਘ ਦੀ ਬੋਲੀ ਬੜੀ ਸਿੱਧੀ- ਸਾਦੀ ਅਤੇ ਪ੍ਰਭਾਵਸ਼ਾਲੀ ਹੈ। ਸਾਡੇ ਹੋਰ ਵਾਰਤਕ ਲਿਖਾਰੀ ਜਾਂ ਤੇ ਆਪਣੀ ਲੇਖਣ ਤੇ ਬੌਧਿਕਤਾ ਦਾ ਭਾਰ ਪਾ ਦਿੰਦੇ ਹਨ ਜਾਂ ਉਪਭਾਵਕਤਾ ਤੋਂ ਕੰਮ ਲੈਂਦੇ ਹਨ। ਇਸ ਦੇ ਉਲਟ ਤੇਜਾ ਸਿੰਘ ਜੀ ਨਿੱਜੀ ਅਨੁਭਵਾਂ ਨੂੰ ਬੜੇ ਸਿੱਧੇ-ਸਾਦੇ ਸ਼ਬਦਾਂ ਵਿੱਚ ਪੜ੍ਹਨ ਵਾਲਿਆਂ ਨਾਲ ਸਾਂਝਾ ਕਰਦੇ ਹਨ। ਇਨ੍ਹਾਂ ਦੀ ਵਾਰਤਕ ਵਿੱਚ ਜਿੱਥੇ ਨਵਾਂ ਖ਼ਿਆਲ ਤੇ ਵਾਕਫੀਅਤ ਹੁੰਦੀ ਹੈ ਉੱਥੇ ਇਨ੍ਹਾਂ ਦੇ ਨਿੱਜੀ ਤਜਰਬੇ ਵਾਰਤਕ ਵਿੱਚ ਕਹਾਣੀ ਜਿਹਾ ਸੁਆਦ ਭਰ ਦਿੰਦੇ ਹਨ।ਆਮ ਪੰਜਾਬੀ ਲੇਖਕ ਮਿਹਨਤ ਤੋਂ ਬਹੁਤ ਡਰਦੇ ਹਨ। ਕਈ ਅਜਿਹੇ ਲੇਖਕ ਹਨ ਜੋ ਛੇਤੀ-ਛੇਤੀ ਮਗਰੋਂ ਲਾਹੁਣ ਵਾਲਾ ਕੰਮ ਕਰਦੇ ਹਨ ਤੇ ਉਹਨਾਂ ਦੀ ਲੇਖਣੀ ਦਾ ਪੱਧਰ ਇਸ ਤਰ੍ਹਾਂ ਬਹੁਤ ਨੀਵਾਂ ਹੋ ਜਾਂਦਾ ਹੈ। ਕਈ ਹੋਰ ਹਨ ਜੋ ਪੰਜਾਹ ਜਾਂ ਸੱਠ ਸਫ਼ੇ ਲਿਖ ਕੇ ਹੀ ਥੱਕ ਜਾਂਦੇ ਹਨ।ਤੇਜਾ ਸਿੰਘ ਜੀ ਹੱਦ ਦਰਜੇ ਦੇ ਮਿਹਨਤੀ ਹਨ। ਜਿੰਨਾ ਚਿਰ ਉਨ੍ਹਾਂ ਦੀ ਪੂਰੀ ਤਸੱਲੀ ਨਾ ਹੋ ਜਾਵੇ ਕੋਈ ਵੀ ਲਿਖਤ ਪ੍ਰੈੱਸ ਵਿੱਚ ਨਹੀਂ ਦਿੰਦੇ ਤੇ ਫੇਰ ਕਮਾਲ ਦੀ ਗੱਲ ਇਹ ਹੈ ਕਿ ਬਹੁਤ ਜ਼ਿਆਦਾ ਲਿਖਣ ਦੇ ਬਾਵਜੂਦ ਵੀ ਚੰਗਾ ਲਿਖਦੇ ਸਨ।

ਪ੍ਰਸ਼ਨ 1. ਪ੍ਰਿੰਸੀਪਲ ਤੇਜਾ ਸਿੰਘ ਦੀ ਬੋਲੀ ਦੀ ਕੀ ਵਿਸ਼ੇਸ਼ਤਾ ਹੈ ?

ਪ੍ਰਸ਼ਨ 2. ਤੇਜਾ ਸਿੰਘ ਦੀ ਵਾਰਤਕ ਦਾ ਹੋਰ ਕਿਹੜਾ ਵੱਡਾ ਗੁਣ ਹੈ ?

ਪ੍ਰਸ਼ਨ 3. ਕੀ ਆਮ ਪੰਜਾਬੀ ਲੇਖਕ ਲਿਖਣ ਸਮੇਂ ਮਿਹਨਤ ਕਰਦੇ ਹਨ ? 

ਪ੍ਰਸ਼ਨ 4. ਪ੍ਰਿੰ: ਤੇਜਾ ਸਿੰਘ ਆਪਣੀ ਰਚਨਾ ਨੂੰ ਛਪਣ ਲਈ ਕਦੋਂ ਭੇਜਦੇ ਸਨ ? 

ਪ੍ਰਸ਼ਨ 5. ਪੈਰੇ ਦਾ ਢੁਕਵਾਂ ਸਿਰਲੇਖ ਲਿਖੋ।



ਅਣਡਿੱਠਾ ਪੈਰਾ - 5

ਸ਼ਰਾਬ ਦੇ ਅਰਥ ਵਿਦਵਾਨਾਂ ਨੇ ਸ਼ਰਾਰਤ ਭਰਿਆ ਪਾਣੀ ਕੀਤੇ ਹਨ। ਇਹ ਸ਼ਰਾਰਤ ਐਸੀ ਹੁੰਦੀ ਹੈ ਕਿ ਸ਼ਰਾਰਤ ਦੇ ਪਿਆਲੇ ਵਿੱਚ ਰਾਜ-ਭਾਗ ਰੁੜ੍ਹ ਜਾਂਦੇ ਹਨ। ਇਸ ਨਾਲ ਰਾਜਿਆਂ ਦੇ ਰਾਜ ਭਾਗ ਤਾਂ ਤਬਾਹ ਹੁੰਦੇ ਹੀ ਹਨ, ਸਧਾਰਨ ਘਰਾਂ ਦੀ ਸੁਖ-ਸ਼ਾਂਤੀ ਵੀ ਕਾਫ਼ੂਰ ਹੋ ਜਾਂਦੀ ਹੈ। ਜਦੋਂ ਨਸ਼ੇ ਵਿੱਚ ਗੁੱਟ ਲੜਖੜਾਉਂਦਾ ਸ਼ਰਾਬੀ ਘਰ ਆਏਗਾ ਤਾਂ ਬੀਵੀ ਬੱਚਿਆਂ ਨੂੰ ਸਲੋਕ ਹੀ ਸੁਣਾਏਗਾ ਜਾਂ ਬੋ-ਮਾਰਦਾ ਪੈ ਜਾਏਗਾ, ਬੇਸੂਰਤ ਹੋਇਆ। ਧਨ ਦੀ ਹਾਨੀ ਉਹ ਕਰਕੇ ਆਏਗਾ ਜਿਸ ਨਾਲ ਘਰ ਦਾ ਆਰਥਕ ਸੰਤੁਲਨ ਵਿਗੜ ਜਾਏਗਾ। ਉਸ ਨੂੰ ਖ਼ੁਦ ਵੀ ਸ਼ਰਾਬ ਪੀ ਜਾਏਗੀ।ਉਸ ਦੀ ਸਿਹਤ ਖ਼ਰਾਬ ਹੋ ਜਾਏਗੀ।ਜਿਹੜਾ ਪੈਸਾ ਪਰਿਵਾਰ ਦੀ ਖਾਧ-ਖ਼ੁਰਾਕ ਅਤੇ ਬਿਹਤਰੀ ਉੱਤੇ ਖ਼ਰਚ ਹੋਣਾ ਹੈ, ਉਹ ਪੈਸਾ ਸ਼ਰਾਬ ਉੱਤੇ ਉਜਾੜਨ ਨਾਲ ਪਰਿਵਾਰ ਨੂੰ ਚੰਗੀ ਖ਼ੁਰਾਕ ਨਹੀਂ ਮਿਲ ਸਕੇਗੀ ਜਿਸ ਕਰਕੇ ਉਨ੍ਹਾਂ ਦੇ ਸਰੀਰ, ਬੁੱਧੀ ਅਤੇ ਮਨ ਵੀ ਕਮਜ਼ੋਰ ਹੋਣਗੇ। ਆਂਢੀਆਂ-ਗੁਆਂਢੀਆਂ ਦੀ ਜ਼ਬਾਨਾਂ ਅਤੇ ਨਜ਼ਰਾਂ ਤੋਂ ਸ਼ਰਾਬੀ ਦੀ ਬੀਵੀ ਬੱਚੇ ਅਖਵਾਉਣ ਤੋਂ ਉਹ ਬਚ ਨਹੀਂ ਸਕਣਗੇ। ਹਾਂ, ਸ਼ਰਾਬੀ ਪਰਿਵਾਰ ਭਾਵੇਂ ਓਨੀ ਭੈੜੀ ਨਿਗਾਹ ਨਾਲ ਇੱਕ-ਦੂਜੇ ਨੂੰ ਨਾ ਦੇਖਣ। ਸ਼ਰਾਬ ਮਨੁੱਖ ਦੀ ਬਰਬਾਦੀ ਕਰਦੀ ਹੈ। ਮਨੁੱਖ ਨੂੰ ਇਸ ਬਰਬਾਦੀ ਤੋਂ ਬਚਾਉਣ ਲਈ, ਧਰਮ ਦੇ ਰਸਤੇ ਚਲਣ ਦੀ ਸਿੱਖਿਆ ਦਿੱਤੀ ਜਾਂਦੀ ਹੈ। ਹਰ ਧਰਮ ਨੇ ਇਸ ਨੂੰ ਪੀਣ ਦੀ ਨਿਖੇਧੀ ਕੀਤੀ ਹੈ।

ਪ੍ਰਸ਼ਨ 1. ਵਿਦਵਾਨਾਂ ਨੇ ਕਿਸ ਨੂੰ ਸ਼ਰਾਰਤ ਭਰਿਆ ਪਾਣੀ ਕਿਹਾ ਹੈ ?

ਪ੍ਰਸ਼ਨ 2. ਘਰ ਦੀ ਆਰਥਿਕਤਾ ਦਾ ਸੰਤੁਲਨ ਕੌਣ ਵਿਗਾੜਦਾ ਹੈ ? 

ਪ੍ਰਸ਼ਨ 3. ਚੰਗੀ-ਖ਼ੁਰਾਕ ਨਾ ਮਿਲਣ 'ਤੇ ਕੀ ਵਾਪਰਦਾ ਹੈ ?

ਪ੍ਰਸ਼ਨ 4. ਸ਼ਰਾਬੀ ਮਨੁੱਖ ਨੂੰ ਬਰਬਾਦੀ ਤੋਂ ਬਚਾਉਣ ਲਈ ਕੀ ਕੀਤਾ ਜਾਂਦਾ ਹੈ ? 

ਪ੍ਰਸ਼ਨ 5. ਪੈਰੇ ਦਾ ਢੁਕਵਾਂ ਸਿਰਲੇਖ ਲਿਖੋ।



ਅਣਡਿੱਠਾ ਪੈਰਾ - 6

ਕਰਮ ਪੂਜਾ ਆਦਿਵਾਸੀਆਂ ਲਈ ਇੱਕ ਵੱਡਾ ਤਿਉਹਾਰ ਹੈ। ਇਹ ਭਾਦੋਂ ਦੇ ਮਹੀਨੇ ਖੇਤੀਬਾੜੀ ਵਿੱਚ ਖ਼ੁਸ਼ਹਾਲੀ ਲਈ ਮਨਾਇਆ ਜਾਂਦਾ ਹੈ। ਔਰਤਾਂ ਬਾਂਸ ਦੀਆਂ ਸੰਘਣੀ ਤਰ੍ਹਾਂ ਬੁਣੀਆਂ ਹੋਈਆਂ ਟੋਕਰੀਆਂ ਵਿੱਚ ਰੇਤ ਭਰਦੀਆਂ ਹਨ ਅਤੇ ਉਨ੍ਹਾਂ ਵਿੱਚ ਵੱਖ-ਵੱਖ ਅਨਾਜਾਂ ਦੇ ਬੀਜ ਬੀਜਦੀਆਂ ਹਨ। ਕੁਝ ਦਿਨਾਂ ਬਾਅਦ ਇਹ ਬੀਜ ਪੁੰਗਰ ਆਉਂਦੇ ਹਨ। ਅਗਲੀ ਸਵੇਰ ਕਰਮ ਦੇਵਤਾ ਲਈ ਵਿਹੜਾ ਸਾਫ਼ ਕੀਤਾ ਜਾਂਦਾ ਹੈ। ਸਾਰਾ ਦਿਨ ਵਰਤ ਰੱਖਣ ਤੋਂ ਬਾਅਦ ਔਰਤਾਂ ਪੁੰਗਰੇ ਹੋਏ ਅਨਾਜ ਵਾਲੀਆਂ ਟੋਕਰੀਆਂ ਉੱਥੇ ਲੈ ਆਉਂਦੀਆਂ ਹਨ। ਢੋਲ ਅਤੇ ਨਗਾਰੇ ਦੀ ਅਵਾਜ਼ ਉੱਪਰ ਨੱਚਦੇ ਅਤੇ ਗਾਉਂਦੇ ਮਰਦ ਅਤੇ ਔਰਤਾਂ ਕਰਮ ਨਾਮ ਦੇ ਦਰਖ਼ਤ ਦੀ ਟਹਿਣੀ ਕੱਟਣ ਤੁਰ ਪੈਂਦੇ ਹਨ। ਇਹ ਟਾਹਣੀ ਦੇਵਤਾ ਬਣ ਜਾਂਦੀ ਹੈ। ਪਿਛਲੀ ਵਾਰ ਏਤਵਾ ਅਤੇ ਉਸ ਦੇ ਦੋਸਤ ਗਰੁੱਪ ਨਾਲ ਗਏ ਸਨ ਅਤੇ ਉਨ੍ਹਾਂ ਨੇ ਨੱਚਦਿਆਂ ਹੋਇਆਂ ' ਗਾਇਆ ਸੀ। ਨੱਚਣ ਗਾਉਣ ਤੋਂ ਬਾਅਦ ਟਹਿਣੀ ਮਿੱਟੀ ਦੀ ਵੇਦੀ 'ਤੇ ਲਾਈ ਜਾਂਦੀ ਹੈ ਅਤੇ ਪੂਜਾ ਤੋਂ ਬਾਅਦ ਔਰਤਾਂ ਪੁਜਾਰੀ ਦੇ ਦੁਆਲੇ ਬੈਠ ਜਾਂਦੀਆਂ ਹਨ।

ਪ੍ਰਸ਼ਨ— (ੳ) ਇਸ ਪੈਰੇ ਨੂੰ ਢੁਕਵਾਂ ਸਿਰਲੇਖ ਦਿਓ।

(ਅ) ‘ਆਦਿਵਾਸੀ’ ਕੌਣ ਹੁੰਦੇ ਹਨ ?

(ੲ) ਅਨਾਜਾਂ ਦੇ ਬੀਜ ਕਿਵੇਂ ਪੁੰਗਰਦੇ ਹਨ ?

(ਸ) ਟਹਿਣੀ ਦੇਵਤਾ ਕਿਵੇਂ ਬਣਦੀ ਹੈ ?





Post a Comment

0 Comments