Punjabi Essay, Lekh, Paragraph on "ਪੁਸਤਕ-ਪਿਆਰ " "Pustak Piyar" Complete essay for Class 8, 9, 10, 11, 12 in Punjabi Language.

ਪੁਸਤਕ-ਪਿਆਰ 
Pustak Piyar



ਪਿਆਰ ਇਕ ਅਜਿਹਾ ਸ਼ਬਦ ਹੈ ਜੋ ਬਣਿਆ ਤਾਂ ਹੈ ਤਿੰਨ ਅੱਖਰਾਂ ਅਤੇ ਦੋ ਮਾਤਰਾਵਾਂ ਦੇ ਮੇਲ ਨਾਲ, ਪਰ ਇਸ ਤਿੰਨ ਅੱਖਰੀ ਅਤੇ ਦੋ ਮਾਤਰਾਵਾਂ ਦੇ ਮੇਲ ਨਾਲ ਬਣੇ ਸ਼ਬਦ ਦਾ ਘੇਰਾ ਜਿੰਨਾ ਵਿਸ਼ਾਲ ਹੈ ਉਨਾ ਹੀ ਗਹਿਰਾ ਵੀ ਹੈ। ਇਹ ਪਿਆਰ ਕਿਸੇ ਨਾਲ ਵੀ ਹੋ ਸਕਦਾ ਹੈ—ਇਨਸਾਨਾਂ ਨਾਲ, ਪਾਲਤੂ ਜਾਨਵਰਾਂ ਨਾਲ, ਕੁਦਰਤ ਨਾਲ, ਫੁੱਲ- ਬੂਟਿਆਂ ਨਾਲ ਜਾਂ ਕੁਦਰਤ ਨੂੰ ਬਣਾਉਣ ਵਾਲੇ ਕਾਦਰ ਨਾਲ। ਪਰ ਜਿਹਨਾਂ ਵਿਅਕਤੀਆਂ ਦੇ ਦਿਲਾਂ ਵਿਚ ਪੁਸਤਕਾਂ ਪ੍ਰਤੀ ਪਿਆਰ ਹੈ, ਮੇਰੇ ਵਿਚਾਰ ਅਨੁਸਾਰ ਉਹ ਲੋਕ ਮਹਾਨ ਹੁੰਦੇ ਹਨ।

ਵਿਦਿਆਰਥੀ ਜੀਵਨ ਵਿਚ ਜਦੋਂ ਵਿਦਿਆਰਥੀ ਆਪਣੇ ਮਕਸਦ ਦੀ ਪ੍ਰਾਪਤੀ ਲਈ (ਇਮਤਿਹਾਨੀ ਲੋੜਾਂ ਦੀ ਪੂਰਤੀ ਲਈ) ਪਾਠ-ਪੁਸਤਕਾਂ ਪੜ੍ਹਦੇ ਹਨ ਤਾਂ ਵਾਧੂ ਗਿਆਨ (Extra Knowledge) ਲਈ ਉਹਨਾਂ ਨੂੰ ਕੁਝ ਹੋਰ ਪੁਸਤਕਾਂ ਵੀ ਪੜ੍ਹਨੀਆਂ ਪੈਂਦੀਆਂ ਹਨ। ਇਹ ਤਾਂ ਹੈ ਜ਼ਰੂਰਤ। ਇਸ ਜ਼ਰੂਰਤ ਦੀ ਪੂਰਤੀ ਕਰਦਿਆਂ-ਕਰਦਿਆਂ ਉਹਨਾਂ ਦੇ ਮਨਾਂ ਵਿਚ ਹੋਰ ਕਿਤਾਬਾਂ ਪੜ੍ਹਨ ਦੀ ਲਾਲਸਾ ਉਤਪੰਨ ਹੋ ਜਾਂਦੀ ਹੈ, ਇਸ ਨੂੰ ਹੀ ਪੁਸਤਕ-ਪਿਆਰ ਕਹਿੰਦੇ ਹਨ।

ਪਾਠਕ੍ਰਮ ਜਾਂ ਕੋਰਸ ਦੀਆਂ ਪੁਸਤਕਾਂ ਤਾਂ ਗਿਆਨ ਪ੍ਰਾਪਤੀ ਦੀ ਜਾਗ ਹੀ ਲਾਉਂਦੀਆਂ ਹਨ। ਇਸ ਜਾਗ ਨਾਲ ਦੁੱਧ ਨਾਲ ਭਰੇ ਕਟੋਰੇ ਦੀ ਦਹੀ ਜੰਮਣੀ ਤਾਂ ਬਾਕੀ ਹੁੰਦੀ ਹੈ। ਜਿਹਨਾਂ ਲੋਕਾਂ ਵਿਚ ਪੁਸਤਕ-ਪਿਆਰ ਜਾਗ ਜਾਂਦਾ ਹੈ ਉਹ ਇਸ ਭੁੱਖ ਨੂੰ ਪੂਰਾ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਦੇ ਹਨ। ਪੁਸਤਕਾਂ ਬਾਰੇ ਇਹ ਵਿਚਾਰ ਬੜਾ ਮੁੱਲਵਾਨ ਹੈ ਕਿ ‘ਪੁਸਤਕਾਂ ਖ਼ਰੀਦ ਕੇ ਪੜ੍ਹੋ, ਮੰਗ ਕੇ ਨਹੀਂ।' ਕਿਉਂਕਿ ਖਰੀਦੀਆਂ ਹੋਈਆਂ ਪੁਸਤਕਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਗਿਆਨ ਭੰਡਾਰ ਹੁੰਦੀਆਂ ਹਨ, ਜਿਹਨਾਂ ਨੂੰ ਅਸੀਂ ਸੰਭਾਲ ਕੇ ਰੱਖ ਕੇ ਆਪਣੀ ਇਕ ਲਾਇਬ੍ਰੇਰੀ ਵੀ ਬਣਾ ਸਕਦੇ ਹਾਂ। ਪਰ ਜੇ ਸਾਡਾ ਹੱਥ ਸੁਖਾਲਾ ਨਹੀਂ ਹੈ ਅਤੇ ਪੁਸਤਕਾਂ ਪ੍ਰਤੀ ਪਿਆਰ ਹੈ, ਤਾਂ ਅਸੀਂ ਲਾਇਬ੍ਰੇਰੀ ਵਿੱਚੋਂ ਲੈ ਕੇ ਜਾਂ ਮੰਗ ਕੇ ਵੀ ਪੜ੍ਹ ਸਕਦੇ ਹਾਂ ਕਿਉਂਕਿ ਨਵੇਂ ਗਿਆਨ ਦੀ ਭੁੱਖ ਤਾਂ ਪੁਸਤਕਾਂ ਰਾਹੀਂ ਹੀ ਪੂਰੀ ਹੋ ਸਕਦੀ ਹੈ। ਇੱਥੋਂ ਤਕ ਕਿ ਪੜ੍ਹਨ ਪ੍ਰਤੀ ਪਿਆਰ ਰੱਖਣ ਵਾਲੇ ਲੋਕ ਗਲੀ ਵਿਚ ਵੇਚਨ ਆਏ ਖੱਟੇ ਵਾਲੇ ਲੱਡੂਆਂ ਦੇ ਭਾਈ ਤੋਂ ਕਾਗਜ਼ ਦੇ ਡੂੰਨੇ ਵਿਚ ਖਾਧੇ ਲੱਡੂਆਂ ਤੋਂ ਪਿੱਛੋਂ ਉਸ ਕਾਗਜ ਤੇ ਲਿਖਿਆ ਵੀ ਪੜ੍ਹਦੇ ਹਨ।

ਪੁਸਤਕਾਂ ਪ੍ਰਤੀ ਪਿਆਰ ਰੱਖਣ ਵਾਲੇ ਲੋਕ ਆਪਣੇ ਮਿੱਤਰਾਂ-ਦੋਸਤਾਂ ਨੂੰ ਤੋਹਫ਼ੇ ਵੀ ਵਧੀਆ ਪੁਸਤਕਾਂ ਦੇ ਹੀ ਦਿੰਦੇ ਹਨ। ਕਈ ਲੋਕ ਤਾਂ ਪੁਰਾਣੇ ਸਿੱਕਿਆਂ ਅਤੇ ਪੁਰਾਣੀਆਂ ਟਿਕਟਾਂ ਦੀ ਤਰ੍ਹਾਂ ਪੁਸਤਕਾਂ ਨੂੰ ਵੀ ਸੰਭਾਲ ਕੇ ਰੱਖਦੇ ਹਨ, ਕਿਉਂਕਿ ਕਈ ਪੁਸਤਕਾਂ ਤਾਂ ਹੁੰਦੀਆਂ ਹੀ ਦੁਰਲੱਭ ਹਨ। ਪੁਸਤਕ ਪ੍ਰੇਮੀ ਆਪਣੀਆਂ ਪੁਸਤਕਾਂ ਨੂੰ ਘਰ ਦੇ ਜੀਆਂ ਦੀ ਤਰ੍ਹਾਂ ਵਧੀਆ ਰੈਕ ਜਾਂ ਅਲਮਾਰੀ ਵਿਚ ਝਾੜ ਬਣਾ ਕੇ ਅਤੇ ਸਵਾਰ ਕੇ ਰੱਖਦੇ ਹਨ। ਇਹਨਾਂ ਪੁਸਤਕਾਂ ਨੂੰ ਪੜ੍ਹਨ ਤੋਂ ਪਿੱਛੋਂ ਪੁਸਤਕਾਂ ਉੱਤੇ ਗੋਸ਼ਟੀਆਂ ਵੀ ਕਰਵਾਉਂਦੇ ਹਨ।

ਇਕ ਸਮਾਂ ਆਉਂਦਾ ਹੈ ਜਦ ਸਕੂਲਾਂ, ਕਾਲਜਾਂ ਦੀਆਂ ਪੜ੍ਹਾਈਆਂ ਮੁੱਕ ਜਾਂਦੀਆਂ ਹਨ, ਪਰ ਪੁਸਤਕ ਪ੍ਰੇਮੀਆਂ ਲਈ ਵਿਦਿਆ ਦੇ ਦਰਵਾਜੇ ਸਦਾ ਖੁੱਲ੍ਹੇ ਰਹਿੰਦੇ ਹਨ। ਇਸੇ ਕਰਕੇ ਧੰਨ ਹਨ ਉਹ ਲੋਕ, ਜੋ ਪੁਸਤਕਾਂ ਪ੍ਰਤੀ ਪਿਆਰ ਰੱਖਦੇ ਹਨ।


Post a Comment

0 Comments