Punjabi Essay, Paragraph on "Punjab De Mele Te Tyuhar", "ਪੰਜਾਬ ਦੇ ਮੇਲੇ ਅਤੇ ਤਿਉਹਾਰ " for Class 10, 11, 12 of Punjab Board, CBSE Students.

ਪੰਜਾਬ ਦੇ ਮੇਲੇ ਅਤੇ ਤਿਉਹਾਰ 
Punjab De Mele Te Tyuhar



ਪੰਜਾਬੀ ਸੁਭਾਅ ਤੋਂ ਹੀ ਰੰਗੀਲੇ ਮੰਨੇ ਜਾਂਦੇ ਹਨ। ਉਹ ਆਪਣਾ ਵਿਹਲਾ ਸਮਾਂ ਨੱਚਦੇਟੱਪਦੇ, ਹੱਸਦੇ ਖੇਡਦੇ ਅਤੇ ਗਾਉਂਦੇ ਵਜਾਉਂਦੇ ਬਤੀਤ ਕਰਦੇ ਹਨ। ਉਹ ਜਮਾਂਦਰੂ ਹੀ ਹਸਮੁੱਖ, ਖੁੱਲ੍ਹਾ ਖਾਣ-ਪੀਣ ਦੇ ਸ਼ੋਕੀਨ ਅਤੇ ਅਲਬੇਲੇ ਸੁਭਾਅ ਵਾਲੇ ਹੁੰਦੇ ਹਨ। ਇਹ ਸਭ ਪਿੰਡ-ਪਿੰਡ ਤੇ ਸ਼ਹਿਰ ਸ਼ਹਿਰ ਵਿਚ ਸਮੇਂ-ਸਮੇਂ ਲੱਗੇ ਮੇਲਿਆਂ ਅਤੇ ਉਹਨਾਂ ਦੁਆਰਾ ਮਨਾਏ ਜਾਂਦੇ ਤਿਉਹਾਰਾਂ ਵਿੱਚ ਵਿਸ਼ੇਸ਼ ਤੌਰ ਤੇ ਦੇਖਣ ਨੂੰ ਮਿਲਦਾ ਹੈ।

ਅਜਿਹਾ ਮੰਨਿਆ ਜਾਂਦਾ ਹੈ ਕਿ ਪੁਰਾਤਨ ਸਮੇਂ ਵਿੱਚ ਮਨੁੱਖ ਜਦੋਂ ਕਿਸੇ ਪ੍ਰਾਪਤੀ ਪਿੱਛੋਂ ਵਿਹਲਾ ਹੁੰਦਾ ਸੀ ਜਾਂ ਕਿਸੇ ਵਿਰੋਧੀ ਕਬੀਲੇ ਉੱਤੇ ਜਿੱਤ ਪ੍ਰਾਪਤ ਕਰਦਾ ਸੀ ਤਾਂ ਉਹ ਆਪਣੀ ਖੁਸ਼ੀ ਨੂੰ ਦੂਜਿਆਂ ਨਾਲ ਸਾਂਝਾ ਕਰਨ ਲਈ ਰਲ ਕੇ ਨੱਚਦਾ ਗਾਉਂਦਾ ਅਤੇ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕਰਦਾ ਸੀ। ਦੈਵੀ ਸ਼ਕਤੀਆਂ ਨੂੰ ਖੁਸ਼ ਕਰਨ ਲਈ ਲੋਕ ਵਿਸ਼ਵਾਸਾਂ ਦੇ ਚਲਦੇ ਪੂਜਾ ਆਦਿ ਕਰਨ ਲਈ ਸਾਂਝੇ ਲੋਕ ਇਕੱਠ ਕੀਤੇ ਜਾਂਦੇ ਸਨ। ਅਜਿਹੇ ਜਸ਼ਨ ਅਤੇ ਸਾਂਝੇ ਲੋਕ ਇਕੱਠ ਹੀ ਮੇਲਿਆਂ ਅਤੇ ਤਿਉਹਾਰਾਂ ਦਾ ਮੁੱਢਲਾ ਰੂਪ ਮੰਨੇ ਜਾਂਦੇ ਹਨ। ਮੇਲੇ ਅਤੇ ਤਿਉਹਾਰ ਮੇਲ- ਮਿਲਾਪ ਦਾ ਉਤਸਵ ਹੁੰਦੇ ਹਨ। ਜ਼ਿਆਦਾਤਰ ਲੋਕ-ਮੇਲਿਆਂ ਅਤੇ ਤਿਉਹਾਰਾਂ ਦੀ ਉਤਪੱਤੀ ਪੂਜਾ, ਸ਼ਰਧਾ ਅਤੇ ਲੋਕ ਵਿਸ਼ਵਾਸਾਂ ਨਾਲ ਸਬੰਧ ਰੱਖਦੀ ਹੈ। ਮੇਲੇ ਅਤੇ ਤਿਉਹਾਰਾਂ ਵਿੱਚ ਇੱਕ ਭਾਈਚਾਰਕ ਸਾਂਝ ਵੀ ਦੇਖਣ ਨੂੰ ਮਿਲਦੀ ਹੈ। ਇਹ ਲੋਕ ਜੀਵਨ ਵਿੱਚ ਤਾਜ਼ਗੀ ਭਰਦੇ ਹਨ। ਬੱਚੇ ਤੋਂ ਲੈ ਕੇ ਬੁੱਢੇ ਤੱਕ ਹਰ ਕੋਈ ਤਿਉਹਾਰ ਵਾਲੇ ਦਿਨ ਮਾਨਸਿਕ ਆਨੰਦ ਦਾ ਮਜ਼ਾ ਲੈਂਦਾ ਹੈ। ਪੰਜਾਬ ਵਿੱਚ ਮੇਲਿਆਂ ਅਤੇ ਤਿਉਹਾਰਾਂ ਦਾ ਸਿਲਸਿਲਾ ਲੰਬਾ- ਚੌੜਾ ਰਿਹਾ ਹੈ।

ਪੰਜਾਬ ਵਿੱਚ ਬਹੁਤੇ ਮੇਲੇ ਧਾਰਮਿਕ ਰੰਗਤ ਵਾਲੇ ਹਨ। ਇਨ੍ਹਾਂ ਵਿੱਚੋਂ ਕੌਮੀ ਮੇਲੇ ਜਿਵੇਂ ਵਿਸਾਖੀ, ਬਸੰਤ, ਦੁਸਹਿਰਾ, ਜਨਮ ਅਸ਼ਟਮੀ ਅਤੇ ਰਾਮਨੌਮੀ ਦੇ ਮੇਲੇ ਪ੍ਰਸਿੱਧ ਹਨ। ਇੱਥੇ ਹਰ ਮੇਲਾ ਅਤੇ ਤਿਓਹਾਰ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਹਨਾਂ ਵਿਚੋਂ ਵਿਸਾਖੀ ਦਾ ਮੇਲਾ ਹਾੜੀ ਦੀ ਫਸਲ ਦੇ ਪੱਕਣ ਦੀ ਖੁਸ਼ੀ ਵਿੱਚ ਥਾਂ ਥਾਂ ਤੇ ਲੱਗਦਾ ਹੈ। ਕਿਸਾਨ ਢੋਲ ਵਜਾਉਂਦੇ ਅਤੇ ਖੁਸ਼ੀ ਵਿਚ ਭੰਗੜਾ ਪਾਉਂਦੇ ਹੋਏ ਇਸ ਵਿੱਚ ਹੁੰਮ-ਹੁਮਾ ਕੇ ਪੁੱਜਦੇ ਹਨ। ਕਰਤਾਰਪੁਰ ਤੇ ਦਮਦਮਾ ਸਾਹਿਬ ਵਿੱਚ ਲੱਗਣ ਵਾਲੇ ਵਿਸਾਖੀ ਦੇ ਮੇਲੇ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਲੱਗਣ ਵਾਲਾ ਹੋਲੇ-ਮਹੱਲੇ ਦਾ ਮੇਲਾ ਸਾਰੇ ਪੰਜਾਬ ਵਿਚ ਪ੍ਰਸਿੱਧ ਹਨ। ਮੇਲਿਆਂ ਵਿੱਚ ਵਪਾਰਕ ਚੀਜ਼ਾਂ ਦੀਆਂ ਮੰਡੀਆਂ ਵੀ ਲੱਗਦੀਆਂ ਹਨ।ਕਈ ਥਾਵਾਂ ਤੇ ਪਸ਼ੂਆਂ ਦੀਆਂ ਭਾਰੀਆਂ ਮੰਡੀਆਂ ਲੱਗਦੀਆਂ ਹਨ। ਲੋਕ ਮਨ ਭਾਉਂਦੀਆਂ ਚੀਜ਼ਾਂ ਖਾ ਕੇ, ਭੰਗੜਾ ਪਾ ਕੇ ਤੇ ਖੇਡ ਤਮਾਸ਼ਾ ਵੇਖ ਕੇ ਖੂਬ ਦਿਲ-ਪਰਚਾਵਾ ਕਰਦੇ ਹਨ। ਨਾਲ ਹੀ ਆਪਣੇ ਧਾਰਮਿਕ ਇਸ਼ਟਾਂ ਤੇ ਪੀਰਾਂ -ਫਕੀਰਾਂ ਦੀ ਮੰਨਤ ਕਰਕੇ ਆਪਣਾ ਜੀਵਨ ਸਫ਼ਲ ਕਰਦੇ ਹਨ।

 ਸਿੱਖ ਗੁਰੂ ਸਾਹਿਬਾਨਾਂ ਦੀ ਯਾਦ ਨੂੰ ਸਮਰਪਿਤ ਵੀ ਕਈ ਮੇਲੇ ਲੱਗਦੇ ਹਨ, ਜਿਵੇਂ ਹਰ ਪੂਰਨਮਾਸ਼ੀ ਨੂੰ ਪੰਜਾ ਸਾਹਿਬ ਵਿਖੇ, ਕੱਤਕ ਦੀ ਪੂਰਨਮਾਸ਼ੀ ਨੂੰ ਨਨਕਾਣਾ ਸਾਹਿਬ ਵਿਖੇ ਤੇ ਬਾਬੇ ਦੇ ਵਿਆਹ ਸਬੰਧੀ ਬਟਾਲੇ ਵਿੱਚ ਮੇਲਾ ਲੱਗਦਾ ਹੈ। ਇਸੇ ਤਰਾਂ ਮੁਕਤਸਰ ਦੀ ਮਾਘੀ, ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਵਿਸਾਖੀ ,ਅੰਮ੍ਰਿਤਸਰ ਵਿਖੇ ਦਿਵਾਲੀ, ਤਰਨਤਾਰਨ ਵਿਖੇ ਮੱਸਿਆ ,ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ, ਫ਼ਤਹਿਗੜ੍ਹ ਸਾਹਿਬ ਸ਼ਹੀਦੀ ਜੋੜ ਮੇਲੇ ਆਦਿ ਮੇਲੇ ਲੱਗਦੇ ਹਨ।ਬਸੰਤ ਦੇ ਮੇਲੇ ਦਾ ਸੰਬੰਧ ਰੁੱਤ ਦੀ ਬਦਲੀ ਨਾਲ ਹੈ। ਇਸ ਦੇ ਨਾਲ ਹੀ ਇਸਦਾ ਸੰਬੰਧ ਹਕੀਕਤ ਰਾਏ ਧਰਮੀ ਦੀ ਆਪਣੇ ਧਰਮ ਵਿੱਚ ਦ੍ਰਿੜ ਰਹਿਣ ਬਦਲੇ ਦਿੱਤੀ ਸ਼ਹਾਦਤ ਨਾਲ ਵੀ ਹੈ। ਇਸ ਦਿਨ ਪੀਲੇ ਕੱਪੜੇ ਪਹਿਨਣ ਦਾ ਰਿਵਾਜ ਹੈ।

ਦਸਵੀਂ ਵਾਲੇ ਦਿਨ ਸਿੱਧ ਤਿਉਹਾਰ ਦੁਸਹਿਰੇ ਦੇ ਮੌਕੇ ਤੇ ਲੱਗਣ ਵਾਲੇ ਮੇਲੇ ਵਿਚ ਰਾਵਣ ਦੇ ਪੁਤਲੇ ਨੂੰ ਅੱਗ ਲਾਈ ਜਾਂਦੀ ਹੈ ਤਾਂ ਮੇਲਾ ਵੇਖਣ ਆਏ ਲੋਕਾਂ ਦੀ ਭੀੜ ਦੇਖਣ ਲਾਇਕ ਹੁੰਦੀ ਹੈ। ਪੰਜਾਬ ਦੇ ਲੋਕ ਜੀਵਨ ਨੂੰ ਸਿੱਧਾਂ, ਜੋਗੀਆਂ, ਨਾਥਾਂ ਅਤੇ ਮੁਸਲਮਾਨ ਪੀਰਾਂ-ਫਕੀਰਾਂ ਨੇ ਵੀ ਬਹੁਤ ਪ੍ਰਭਾਵਿਤ ਕੀਤਾ ਹੈ। ਇੱਥੇ ਲੋਕ ਮੁਸਲਮਾਨ ਪੀਰਾਂ-ਫਕੀਰਾਂ ਦੀਆਂ ਕਰਾਮਾਤਾਂ ਤੋਂ ਪ੍ਰਭਾਵਿਤ ਹੋ ਕੇ ਮੇਲੇ ਲਾਉਂਦੇ ਰਹੇ ਹਨ। ਮਲੇਰਕੋਟਲੇ ਵਿਖੇ ਹੈਦਰ ਸ਼ੇਖ ਦੇ ਮਕਬਰੇ ਤੇ ਲੱਗਣ ਵਾਲਾ ਮੇਲਾ ਅਤੇ ਜਗਰਾਵਾਂ ਦੀ ਰੋਸ਼ਨੀ ਪ੍ਰਸਿੱਧ ਮੇਲੇ ਹਨ। ਗੁੱਗੇ ਪੀਰ ਪ੍ਰਤੀ ਸ਼ਰਧਾ ਨੂੰ ਸਮਰਪਤ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਛਪਾਰ ਵਿਖੇ ਬਹੁਤ ਭਾਰੀ ਮੇਲਾ ਲੱਗਦਾ ਹੈ। ਮਾਲਵੇ ਦੇ ਜਰਗ ਨਾਂਅ ਦੇ ਪਿੰਡ ਵਿੱਚ ਚੇਤਰ ਮਹੀਨੇ ਦੇ ਪਹਿਲੇ ਮੰਗਲਵਾਰ ਨੂੰ ਮਾਤਾ ਰਾਣੀ ਦੇ ਮੰਦਰ ਤੇ ਮੇਲਾ ਲੱਗਦਾ ਹੈ। ਇਸ ਮੇਲੇ ਦਾ ਸੰਬੰਧ ਸੀਤਲਾ ਮਾਤਾ ਦੀ ਪੂਜਾ ਨਾਲ ਹੈ ।ਇਸ ਨੂੰ 'ਬਾਸੜੀਏ ਦਾ ਮੇਲਾ' ਵੀ ਕਹਿੰਦੇ ਹਨ। ਇੱਥੇ ਸੀਤਲਾ ਮਾਤਾ ਦੇ ਵਾਹਨ ਖੋਤੇ ਦੀ ਪੂਜਾ ਵੀ ਕੀਤੀ ਜਾਂਦੀ ਹੈ। ਪੰਜਾਬ ਵਿੱਚ ਜਠੇਰਿਆਂ ਜਾਂ ਵੱਡੇ ਵਡੇਰਿਆਂ ਦੀ ਪੂਜਾ ਕਰਨ ਹਿੱਤ ਵੀ ਇੱਕੋ ਗੋਤਰ ਨਾਲ ਸਬੰਧ ਰੱਖਣ ਵਾਲੇ ਲੋਕ ਵੱਡੇ ਵਡੇਰਿਆਂ ਦੀ ਸਮਾਧੀ ਉੱਤੇ ਸਾਲ ਵਿੱਚ ਇੱਕ ਵਾਰ ਜ਼ਰੂਰ ਇਕੱਠੇ ਹੁੰਦੇ ਹਨ।ਅਜਿਹੇ ਇਕੱਠਾਂ ਨੇ ਵੀ ਮੇਲਿਆਂ ਦਾ ਰੂਪ ਧਾਰਨ ਕਰ ਲਿਆ ਹੈ। ਮੇਲਿਆਂ ਦੇ ਮੁਕਾਬਲੇ ਤਿਓਹਾਰ ਭਾਵੇਂ ਕੌਮੀ ਪੱਧਰ ਦੇ ਹੋਣ ਪਰ ਮਨਾਏ ਸਥਾਨਕ ਪੱਧਰ ਉਤੇ ਹੀ ਜਾਂਦੇ ਹਨ। ਜਿਵੇਂ ਗੁੱਗਾ ਨੌਵੀਂ ਅਤੇ ਬਾਸੜੀਏ ਦਾ ਤਿਉਹਾਰ ਮਾਲਵੇ ਤਕ ਹੀ ਸੀਮਤ ਹੈ। ਹਰ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ' ਸੰਗਰਾਂਦ ' ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਜੇਕਰ ਮਹੀਨੇ ਦਾ ਪਹਿਲਾ ਦਿਨ ਚੰਗਾ ਬੀਤ ਜਾਵੇ ਤਾਂ ਸਾਰਾ ਮਹੀਨਾ ਵਧੀਆ ਗੁਜ਼ਰਦਾ ਹੈ। ਚੇਤਰ ਦੀ ਸੰਗਰਾਂਦ ਨਵੇਂ ਸੰਮਤ ਦੇ ਰੂਪ ਵਿੱਚ ਮਨਾਈ ਜਾਂਦੀ ਹੈ। ਚੇਤਰ ਦੇ ਨਰਾਤਿਆਂ ਵਿਚ ਅਸ਼ਟਮੀ ਨੂੰ ਕੰਜਕਾਂ ਤੇ ਨੌਵੀਂ ਨੂੰ ਰਾਮ ਨੌਮੀ ਦਾ ਤਿਉਹਾਰ ਹੁੰਦਾ ਹੈ। ਸਾਵਣ , ਭਾਦੋਂ ਦੇ ਮਹੀਨੇ ਤੀਆਂ ਤੇ ਰੱਖੜੀ ਦੇ ਤਿਉਹਾਰ ਆਉਂਦੇ ਹਨ। ਭਾਦੋਂ ਵਿੱਚ ਜਨਮ ਅਸ਼ਟਮੀ ਵੀ ਹੁੰਦੀ ਹੈ। ਸਰਾਧਾਂ ਵਿਚ ਬ੍ਰਾਹਮਣਾਂ ਨੂੰ ਭੋਜਨ ਛਕਾ ਕੇ ਪਿੱਤਰਾਂ ਦਾ ਕਰਜ਼ ਚੁਕਾਇਆ ਜਾਂਦਾ ਹੈ।

ਸਭ ਤੋਂ ਵੱਡਾ ਤਿਉਹਾਰ ਦੀਵਾਲੀ ਨੂੰ ਮੰਨਿਆ ਜਾਂਦਾ ਹੈ। ਪੋਹ ਦੇ ਅਖ਼ੀਰਲੇ ਦਿਨ ਲੋਹੜੀ, ਫੱਗਣ ਵਿੱਚ ਸ਼ਿਵਰਾਤਰੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਕੌਮੀ ਪੱਧਰ ਦੇ ਤਿਉਹਾਰ ਦਿਵਾਲੀ, ਦੁਸਹਿਰਾ, ਲੋਹੜੀ ,ਜਨਮ ਅਸ਼ਟਮੀ, ਰਾਮ ਨੌਵੀਂ, ਈਦ , ਕ੍ਰਿਸਮਿਸ , ਗੁਰਪੁਰਬ, ਮਾਘੀ ,ਰੱਖੜੀ ,ਸ਼ਿਵਰਾਤਰੀ ,ਕਰੂਆ ਅਤੇ ਝੱਕਰੀ ਦੇ ਵਰਤਾਂ ਨਾਲ ਜੁੜੇ ਭਾਵ ਅਤੇ ਮਹੱਤਤਾ ਭਾਵੇਂ ਹਰ ਥਾਂ ਉੱਤੇ ਇੱਕੋ ਜਿਹੀ ਹੀ ਹੈ ਪਰ ਇਹਨਾ ਤਿਉਹਾਰਾਂ ਦੇ ਆਯੋਜਨ ਸਮੇਂ ਵਖਰੇਵੇਂ ਦੀ ਝਲਕ ਵੇਖਣ ਨੂੰ ਜ਼ਰੂਰ ਮਿਲਦੀ ਹੈ। ਸ਼ਾਇਦ ਹੀ ਸਾਲ ਵਿੱਚ ਕੋਈ ਮਹੀਨਾ ਖਾਲੀ ਜਾਂਦਾ ਹੋਵੇਗਾ ਜਦੋਂ ਕੋਈ ਤਿਉਹਾਰ ਨਾ ਮਨਾਇਆ ਜਾਂਦਾ ਹੋਵੇ। ਪਰ ਅੱਜ ਸਮਾਜਿਕ ,ਆਰਥਿਕ ਤਬਦੀਲੀ ਅਤੇ ਲੋਕਾਂ ਦੀ ਬਦਲ ਰਹੀ ਸੋਚ ਕਾਰਨ ਉਨ੍ਹਾਂ ਦੀ ਇਨ੍ਹਾਂ ਮੇਲਿਆਂ ਅਤੇ ਤਿਉਹਾਰਾਂ ਵਿੱਚ ਕੋਈ ਬਹੁਤੀ ਦਿਲਚਸਪੀ ਨਹੀਂ ਰਹੀ। ਜ਼ਿਆਦਾਤਰ ਮੇਲੇ ਸਿਆਸੀ ਅਖਾੜੇ ਹੀ ਬਣ ਕੇ ਰਹਿ ਗਏ ਹਨ। ਮੇਲਿਆਂ ਵਿਚ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਵਾਲੇ ਲੋਕ ਕਲਾਕਾਰਾਂ ਪ੍ਰਤੀ ਲੋਕਾਂ ਦੀ ਦਿਲਚਸਪੀ ਨਾ-ਮਾਤਰ ਹੀ ਰਹਿ ਗਈ ਹੈ। ਲੋਕ ,ਤਿਉਹਾਰਾਂ ਨੂੰ ਫਾਲਤੂ ਤੇ ਅੰਧ-ਵਿਸ਼ਵਾਸ ਮੰਨ ਕੇ ਤਿਆਗਦੇ ਜਾ ਰਹੇ ਹਨ। ਸੋ ਸਮੇਂ ਦੀ ਮੰਗ ਇਹੀ ਹੈ ਕਿ ਅਸੀਂ ਆਪਣੇ ਇਨ੍ਹਾਂ ਮੇਲਿਆਂ ਅਤੇ ਤਿਉਹਾਰਾਂ ਦੀ ਰੂਹ ਨੂੰ ਜਿਉਂਦਾ ਰੱਖਣ ਲਈ ਇਨ੍ਹਾਂ ਦੀ ਅਸਲੀ ਰੌਣਕ ਅਤੇ ਰੰਗਤ ਨਾਲ ਹੀ ਇਹਨਾਂ ਨੂੰ ਮਨਾਈਏ।


Post a Comment

0 Comments