Punjabi Essay on "Sanchar De Sadhan", "ਸੰਚਾਰ ਦੇ ਸਾਧਨ " Punjabi Paragraph-Lekh-Speech for Class 8, 9, 10, 11, 12 Students.

ਸੰਚਾਰ ਦੇ ਸਾਧਨ 
Sanchar De Sadhan





ਉਹ ਸਾਧਨ ਜਿਨ੍ਹਾਂ ਰਾਹੀਂ ਮਨੁੱਖ ਵਿਚਾਰਾਂ ਤੇ ਸੂਚਨਾਵਾਂ ਨੂੰ ਇਕ ਥਾਂ ਤੋਂ ਦੂਜੀ ਥਾਂ ਆਪਣੇ ਸਾਕ-ਸੰਬੰਧੀਆਂ, ਰਿਸ਼ਤੇਦਾਰਾਂ ਅਤੇ ਦੋਸਤਾਂ ਤੱਕ ਅਸਾਨੀ ਨਾਲ ਬਹੁਤ ਥੋੜੇ ਸਮੇਂ ਵਿੱਚ ਭੇਜ ਸਕਦਾ ਹੈ, ਉਹਨਾਂ ਨੂੰ ਸੰਚਾਰ ਦੇ ਸਾਧਨ ਕਹਿੰਦੇ ਹਨ। ਡਾਕ-ਤਾਰ, ਰੇਡੀਓ, ਟੈਲੀਵਿਜ਼ਨ, ਫੈਕਸ ਮਸ਼ੀਨ, ਟੈਲੀਫ਼ੋਨ, ਮੋਬਾਈਲ ਫ਼ੋ, ਕੰਪਿਊਟਰ, ਇੰਟਰਨੈੱਟ ਅਤੇ ਅਖ਼ਬਾਰਾਂ ਆਦਿ ਮਹੱਤਵਪੂਰਨ ਸੰਚਾਰ ਦੇ ਸਾਧਨ ਹਨ। ਇਹਨਾਂ ਸਾਧਨਾਂ ਨੇ ਮਨੁੱਖ ਦੀ ਜਿੰਦਗੀ ਬਹੁਤ ਸੌਖੀ ਕਰ ਦਿੱਤੀ ਹੈ। ਇੱਕ ਸਮਾਂ ਅਜਿਹਾ ਸੀ, ਜਦੋਂ ਮਨੁੱਖ ਸੰਦੇਸ਼ ਭੇਜਣ ਲਈ ਮਨੁੱਖ ਨੂੰ ਹੀ ਦੂਤ ਬਣਾ ਕੇ ਪੈਦਲ ਜਾਂ ਊਠ-ਘੋੜਿਆਂ ਰਾਹੀਂ ਭੇਜਦਾ ਸੀ। ਪੁਰਾਣੇ ਸਮਿਆਂ ਵਿੱਚ ਮਨੁੱਖ ਕਬੂਤਰ ਵਰਗੇ ਪੰਛੀਆਂ ਰਾਹੀ ਵੀ ਸੰਦੇਸ਼ ਭੇਜਣ ਦਾ ਕੰਮ ਲੈਂਦਾ ਰਿਹਾ ਹੈ। ਅੱਜ ਸਾਡੇ ਕੋਲ ਬਹੁਤ ਵਿਕਸਿਤ ਸਾਧਨ ਹਨ। 


ਵਿਗਿਆਨ ਦੀ ਦੇਣ

ਅਜੋਕੇ ਸਮੇਂ ਵਿਗਿਆਨ ਨੇ ਮਨੁੱਖੀ ਸੱਭਿਅਤਾ ਦੀ ਤਸਵੀਰ ਬਦਲ ਕੇ ਰੱਖ ਦਿੱਤੀ ਹੈ। ਵਿਗਿਆਨਿਕ ਖੋਜਾਂ ਦੁਆਰਾ ਮਨੁੱਖ ਨੇ ਅਸੰਭਵ ਨੂੰ ਸੰਭਵ ਕਰਕੇ ਦਿਖਾਇਆ ਹੈ। ਵਿਗਿਆਨ ਨੇ ਸੰਸਾਰ ਨੂੰ ਇੱਕ ਪਿੰਡ ਜਾਂ ਸ਼ਹਿਰ ਵਾਂਗ ਬਣਾ ਦਿੱਤਾ ਹੈ। ਸੰਚਾਰ ਦੇ ਖੇਤਰ ਵਿੱਚ ਵਿਗਿਆਨ ਨੇ ਹੈਰਾਨੀਜਨਕ ਤਬਦੀਲੀ ਲਿਆਂਦੀ ਹੈ। ਆਧੁਨਿਕ ਸੰਚਾਰ ਦੇ ਸਾਧਨਾਂ ਦੀ ਮਦਦ ਨਾਲ ਮਨੁੱਖ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਬਹੁਤ ਥੋੜੇ ਸਮੇਂ ਵਿੱਚ ਆਪਣਾ ਸੁਨੇਹਾ ਪਹੁੰਚਾ ਸਕਦਾ ਹੈ। 


ਡਾਕ ਤੇ ਤਾਰ ਪ੍ਰਬੰਧ

ਡਾਕ ਤੇ ਤਾਰ ਪੁਰਾਣੇ ਸਮੇਂ ਤੋਂ ਵਰਤੇ ਜਾ ਰਹੇ ਸੰਚਾਰ ਦੇ ਸਾਧਨ ਹਨ। ਇਹਨਾਂ ਰਾਹੀਂ ਅਸੀਂ ਘਰ ਬੈਠੇ ਹੀ ਆਪਣਾ ਸੁਨੇਹਾ ਲਿਖਤੀ ਰੂਪ ਵਿੱਚ ਦੂਰ ਰਹਿੰਦੇ ਲੋਕਾਂ ਤੱਕ ਪਹੁੰਚਾ ਸਕਦੇ ਹਾਂ। ਵਰਤਮਾਨ ਸਮੇਂ ਮੋਬਾਈਲ ਤੇ ਇੰਟਰਨੈੱਟ ਵਰਗੇ ਵਿਕਸਿਤ ਸੰਚਾਰ ਦੇ ਸਾਧਨਾਂ ਦੇ ਆਉਣ ਕਰਕੇ ਇਹਨਾਂ ਦੀ ਵਰਤੋਂ ਘਟੀ ਹੈ। ਸਾਡੇ ਦੇਸ਼ ਵਿੱਚ ਤਾਰ ਪ੍ਰਬੰਧ ਨੂੰ ਤਾਂ ਬੰਦ ਕਰ ਦਿੱਤਾ ਗਿਆ ਹੈ, ਪਰ ਡਾਕ ਸੇਵਾ ਚਾਲੂ ਹੈ। ਭਾਰਤੀ ਡਾਕ ਸੇਵਾ ਦੀ ਸ਼ੁਰੂਆਤ 1854 ਈ. ਵਿੱਚ ਹੋਈ। 


ਟੈਲੀਫ਼ੋਨ

 ਟੈਲੀਫ਼ੋਨ ਦੇ ਆਉਣ ਨਾਲ ਸੰਚਾਰ ਦੇ ਸਾਧਨਾਂ ਵਿੱਚ ਇੱਕ ਨਵਾਂ ਬਦਲਾਵ ਆਇਆ। ਟੈਲੀਫ਼ੋਨ ਦੀ ਖੋਜ 1876 ਈ. ਵਿੱਚ ਗ੍ਰਾਹਮ ਬੈੱਲ ਨੇ ਕੀਤੀ ।ਟੈਲੀਫ਼ੋਨ ਦੀ ਸਹਾਇਤਾ ਨਾਲ ਮਨੁੱਖ ਦੂਰ ਬੈਠੇ ਲੋਕਾਂ ਨਾਲ ਸਿੱਧੀ ਗੱਲਬਾਤ ਕਰ ਸਕਦਾ ਹੈ। 


ਫੈਕਸ ਮਸ਼ੀਨ

ਟੈਲੀਫ਼ੋਨ ਦੀ ਮਦਦ ਨਾਲ ਮਨੁੱਖ ਦੂਰ ਬੈਠੇ ਲੋਕਾਂ ਨਾਲ ਗੱਲਬਾਤ ਤਾਂ ਕਰ ਸਕਦਾ ਸੀ, ਪਰ ਕੋਈ ਲਿਖਤੀ ਦਸਤਾਵੇਜ਼ ਭੇਜਣ ਲਈ ਉਸਨੂੰ ਡਾਕ ਦਾ ਹੀ ਸਹਾਰਾ ਲੈਣਾ ਪੈਂਦਾ ਸੀ। ਜਿਸ ਨਾਲ ਸਮਾਂ ਥੋੜ੍ਹਾ ਜ਼ਿਆਦਾ ਲੱਗਦਾ ਸੀ। ਫੈਕਸ ਮਸ਼ੀਨ ਨੇ ਆ ਕੇ ਇਸ ਸਮੱਸਿਆ ਦਾ ਵੀ ਹੱਲ ਕਰ ਦਿੱਤਾ। ਫੈਕਸ ਮਸ਼ੀਨ ਨੂੰ ਟੈਲੀਫੋਨ ਨਾਲ ਜੋੜ ਕੇ ਕੋਈ ਵੀ ਲਿਖਤੀ ਦਸਤਾਵੇਜ਼ ਬਹੁਤ ਘੱਟ ਸਮੇਂ ਵਿੱਚ ਲੋੜੀਦੀ ਜਗ੍ਹਾ ਤੇ ਭੇਜਿਆ ਜਾ ਸਕਦਾ ਹੈ। 


ਮੋਬਾਈਲ ਫੋਨ

ਮੋਬਾਈਲ ਫ਼ੋਨ ਦੀ ਖੋਜ ਨਾਲ਼ ਸੰਚਾਰ ਦੇ ਸਾਧਨਾਂ ਵਿੱਚ ਬਹੁਤ ਵੱਡੀ ਤਬਦੀਲੀ ਆਈ। ਮੋਬਾਈਲ ਫ਼ੋਨ ਦੀ ਖੋਜ ਮਾਰਟੀਨ ਕੂਪਰ ਦੁਆਰਾ ਕੀਤੀ ਗਈ। ਮੋਬਾਈਲ ਨਾਲ ਪਹਿਲੀ ਕਾਲ 1973 ਈ: ਵਿੱਚ ਕੀਤੀ ਗਈ। ਮੋਬਾਈਲ ਦੇ ਰਾਹੀਂ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਅਸੀਂ ਘਰ ਬੈਠੇ ਹੀ ਗੱਲਬਾਤ ਕਰ ਸਕਦੇ ਹਾਂ ਅਤੇ ਲਿਖਤੀ ਸੁਨੇਹਾ ਵੀ ਭੇਜ ਸਕਦੇ ਹਾਂ। ਮੋਬਾਈਲ ਨੇ ਆ ਕੇ ਟੈਲੀਫ਼ੋਨ ਦੀਆਂ ਤਾਰਾਂ ਦੇ ਜਾਲ ਨੂੰ ਘਟਾ ਦਿੱਤਾ, ਜਿਸ ਕਾਰਨ ਟੈਲੀਫ਼ੋਨ ਦੀ ਮਹੱਤਤਾ ਵੀ ਘਟ ਗਈ। 


ਕੰਪਿਉਟਰ ਨੈੱਟਵਰਕ 

ਇੰਟਰਨੈੱਟ ਦੇ ਆਉਣ ਨਾਲ਼ ਸੰਚਾਰ ਦੇ ਸਾਧਨਾਂ ਵਿੱਚ ਇੱਕ ਨਵੀਂ ਕ੍ਰਾਂਤੀ ਆ ਗਈ। ਇੰਟਰਨੈੱਟ ਦੀ ਖੋਜ ਦੀ ਸ਼ੁਰੂਆਤ ਵੀਹਵੀਂ ਸਦੀ ਦੇ ਸੱਤਵੇਂ ਦਹਾਕੇ ਵਿੱਚ ਹੋਈ। ਅੱਜ ਇੰਟਰਨੈੱਟ ਨੇ ਪੂਰੀ ਦੁਨੀਆਂ ਨੂੰ ਬਦਲ ਕੇ ਰੱਖ ਦਿੱਤਾ। ਇੰਟਰਨੈੱਟ ਦੀ ਮਦਦ ਨਾਲ ਵਿਗਿਆਨਿਕ ਖੋਜਾਂ ਵਿੱਚ ਵੀ ਕ੍ਰਾਂਤੀ ਆ ਗਈ। ਇੰਟਰਨੈੱਟ ਦੁਆਰਾ ਹਰ ਆਦਮੀ ਦੀ ਗਿਆਨ ਪ੍ਰਾਪਤੀ ਲਈ ਪਹੁੰਚ ਬਹੁਤ ਅਸਾਨ ਹੋ ਗਈ। ਕੁਝ ਵੀ ਸਿੱਖਣ ਲਈ ਅਸੀ ਆਪਣੇ ਹਰ ਸਵਾਲ ਦਾ ਜਵਾਬ ਇੰਟਰਨੈੱਟ ਰਾਹੀਂ ਪ੍ਰਾਪਤ ਕਰ ਸਕਦੇ ਹਾਂ। ਕੰਪਿਊਟਰ ਨੈੱਟਵਰਕ ਅੱਜ ਦੇ ਸਮੇਂ ਦਾ ਸਭ ਤੋਂ ਜ਼ਿਆਦਾ ਹਰਮਨ-ਪਿਆਰਾ, ਤੇਜ਼, ਤੇ ਸਹੂਲਤਾਂ ਨਾਲ ਭਰਪੂਰ ਸੰਚਾਰ ਦਾ ਸਾਧਨ ਹੈ। ਇਸ ਰਾਹੀਂ ਅਸੀਂ ਈ-ਮੇਲ, ਵੈਬ-ਸਾਈਟ ਜਾਂ ਕਿਸੇ ਸੋਸ਼ਲ ਨੈੱਟਵਰਕ ਦੀ ਵਰਤੋਂ ਕਰਕੇ ਆਪਣਾ ਕਿਸੇ ਵੀ ਰੂਪ ਵਿੱਚ ਸੁਨੇਹਾ ਜਾਂ ਦਸਤਾਵੇਜ ਬੜੀ ਅਸਾਨੀ ਨਾਲ ਦੁਨੀ ਦੇ ਕਿਸੇ ਵੀ ਕੋਨੇ ਵਿੱਚ ਭੇਜ ਸਕਦੇ ਹਾਂ। 


ਰੇਡੀਓ 

ਸੰਚਾਰ ਦੇ ਸਾਧਨਾਂ ਵਿੱਚ ਰੇਡੀਓ ਦੀ ਵੀ ਅਹਿਮ ਭੂਮਿਕਾ ਰਹੀ ਹੈ। ਰੇਡੀਓ ਦੀ ਖੋਜ ਜੀ ਮਾਰਕੋਨੀ ਦੁਆਰਾ ਕੀਤੀ ਗਈ। ਕੁਝ ਸਮਾਂ ਪਹਿਲਾਂ ਸੰਚਾਰ ਦੇ ਸਾਧਨਾਂ ਵਿੱਚ ਰੇਡੀਓ ਕਾਫ਼ੀ ਮਹੱਤਵਪੂਰਨ ਰਿਹਾ ਹੈ, ਪਰ ਅਜੋਕੇ ਸਮੇਂ ਉਹ ਥਾਂ ਹੋਰ ਜ਼ਿਆਦਾ ਵਿਕਸਿਤ | ਸੰਚਾਰ ਦੇ ਸਾਧਨਾਂ ਨੇ ਲੈ ਲਈ ਹੈ। ਰੇਡੀਓ ਹਰ ਪ੍ਰਕਾਰ ਦੀਆਂ ਖ਼ਬਰਾਂ ਤੇ ਸੂਚਨਾਵਾਂ ਦੇ ਨਾਲ-ਨਾਲ ਮਨੋਰੰਜਨ ਦਾ ਵੀ ਸਾਧਨ ਹੈ। 


ਟੈਲੀਵਿਜ਼ਨ

ਟੈਲੀਵਿਜ਼ਨ ਅੱਜ ਦੇ ਸਮੇਂ ਮਹੱਤਵਪੂਰਨ ਸੰਚਾਰ ਦੇ ਸਾਧਨਾਂ ਵਿੱਚੋਂ ਇੱਕ ਹੈ। ਟੈਲੀਵਿਜ਼ਨ ਦੀ ਖੋਜ 1925 ਈ. ਵਿੱਚ ਜੀ. ਐੱਲ. ਬੇਯਾਰਡ ਦੁਆਰਾ ਕੀਤੀ ਗਈ। ਟੈਲੀਵਿਜ਼ਨ ਸੰਚਾਰ ਦਾ ਸਾਧਨ ਹੋਣ ਦੇ ਨਾਲ਼-ਨਾਲ਼ ਸਾਡੇ ਦਿਲ-ਪਰਚਾਵੇ ਦਾ ਵੀ ਸਾਧਨ ਹੈ। ਕੋਰੋਨਾ ਮਹਾਂਮਾਰੀ ਦੇ ਸੰਕਟ ਕਾਰਨ ਸੈਸ਼ਨ 2020-21 ਦੌਰਾਨ ਸਕੂਲ ਭਾਵੇਂ ਲੰਮਾ ਸਮਾਂ ਬੰਦ ਰਹੇ, ਪਰ ਸਕੂਲ ਸਿੱਖਿਆ ਵਿਭਾਗ ਅਤੇ ਅਧਿਆਪਕਾਂ ਦੀ ਮਿਹਨਤ ਸਦਕਾ ਬੱਚੇ ਘਰ ਬੈਠਿਆਂ ਹੀ ਟੈਲੀਵਿਜ਼ਨ ਰਾਹੀਂ ਸਿੱਖਿਆ ਪ੍ਰਾਪਤ ਕਰਦੇ ਰਹੇ। ਇਸ ਪ੍ਰਕਾਰ ਟੈਲੀਵਿਜ਼ਨ ਸੂਚਨਾਵਾਂ ਤੇ ਮਨੋਰੰਜਨ ਦੇ ਨਾਲ-ਨਾਲ ਸਿੱਖਿਆ ਦੇ ਖੇਤਰ ਲਈ ਵੀ ਮਹੱਤਵਪੂਰਨ ਸਾਧਨ ਹੈ। ਟੈਲੀਵਿਜ਼ਨ ਰਾਹੀਂ ਅਸੀਂ ਵੱਖ-ਵੱਖ ਖੇਤਰੀ ਭਿੰਨਤਾਵਾਂ ਅਤੇ ਸੱਭਿਆਚਾਰ ਤੋਂ ਵੀ ਜਾਣੂ ਹੁੰਦੇ ਹਾਂ। 


ਅਖ਼ਬਾਰਾਂ

ਅਜੋਕੇ ਸਮੇਂ ਅਖ਼ਬਾਰ ਵੀ ਕਾਫ਼ੀ ਮਹੱਤਵਪੂਰਨ ਸੰਚਾਰ ਦੇ ਸਾਧਨ ਹਨ। ਸਾਡੇ ਦੇਸ਼ ਵਿੱਚ ਭਾਸ਼ਾ ਦੇ ਅਧਾਰ ਤੇ ਕਈ | ਪ੍ਰਕਾਰ ਦੀਆਂ ਅਖ਼ਬਾਰਾਂ ਛਪਦੀਆਂ ਹਨ। ਭਾਰਤ ਵਿੱਚ ਪਹਿਲਾ ਅਖ਼ਬਾਰ 1780 ਈ. ਵਿੱਚ ‘ਬੰਗਾਲ ਗਜ਼ਟ ਦੇ ਨਾਂ ਨਾਲ ਛਪਿਆ। ਅਖ਼ਬਾਰ ਸਾਨੂੰ ਹਰ-ਰੋਜ਼ ਦੁਨੀਆ ਵਿੱਚ ਵਾਪਰ ਰਹੀਆਂ ਘਟਨਾਵਾਂ ਤੋਂ ਜਾਣੂ ਕਰਵਾਉਂਦੇ ਹਨ। ਪੰਜਾਬੀ ਭਾਸ਼ਾ ਵਿੱਚ ਕਈ ਅਖ਼ਬਾਰਾਂ ਛਪਦੀਆਂ ਹਨ। | 


ਸਿੱਟਾ

ਉਪਰੋਕਤ ਜਾਣਕਾਰੀ ਦੇ ਆਧਾਰ ਤੇ ਅਸੀ ਕਹਿ ਸਕਦੇ ਹਾਂ ਕਿ ਅੱਜ ਦੇ ਵਿਗਿਆਨਿਕ ਯੁੱਗ ਵਿੱਚ ਸੰਚਾਰ ਦੇ ਸਾਧਨਾਂ ਨੇ ਹੈਰਾਨੀਜਨਕ ਤਰੱਕੀ ਕੀਤੀ ਹੈ। ਇਨ੍ਹਾਂ ਦੇ ਕਰਕੇ ਅੱਜ ਦੇ ਮਨੁੱਖ ਦਾ ਜੀਵਨ ਸੁੱਖ-ਸਹੂਲਤਾਂ ਨਾਲ ਭਰਪੂਰ ਹੋ ਗਿਆ ਹੈ। ਜਿੱਥੇ ਇਹਨਾਂ ਸੰਚਾਰ ਦੇ ਸਾਧਨਾਂ ਨੇ ਮਨੁੱਖ ਲਈ ਹਰ ਕੰਮ ਅਸਾਨ ਕੀਤਾ ਹੈ, ਉੱਥੇ ਕੁਝ ਸ਼ਰਾਰਤੀ ਅਤੇ ਅਪਰਾਧਕ ਬਿਰਤੀ ਵਾਲੇ ਵਿਅਕਤੀ ਅਣਜਾਣ ਜਾਂ ਘੱਟ ਪੜ੍ਹੇ-ਲਿਖੇ ਲੋਕਾਂ ਨੂੰ ਇੰਟਰਨੈੱਟ ਦੀ ਵਰਤੋਂ ਨਾਲ਼ ਆਪਣੀ ਲੁੱਟ ਦਾ ਸ਼ਿਕਾਰ ਬਣਾ ਰਹੇ ਹਨ। ਇਸ ਲਈ ਸਾਨੂੰ ਮੋਬਾਈਲ ਤੇ ਇੰਟਰਨੈੱਟ ਵਰਗੇ ਆਧੁਨਿਕ ਸਾਧਨਾਂ ਦੀ ਵਰਤੋਂ ਕਰਦੇ ਸਮੇਂ ਸਾਵਧਾਨ ਤੇ ਸੁਚੇਤ ਰਹਿਣਾ ਚਾਹੀਦਾ ਹੈ।

Post a Comment

0 Comments