ਧਾਰਮਿਕ ਇਤਿਹਾਸਿਕ ਸਥਾਨ ਦੀ ਯਾਤਰਾ
Dharmik Etihasik Sthan di Yatra
ਸਾਡਾ ਦੇਸ ਗੁਰੂਆਂ-ਪੀਰਾਂ ਦੀ ਚਰਨ ਛੋਅ ਪ੍ਰਾਪਤ ਧਰਤੀ ਹੈ। ਸਾਡੇ ਦੇਸ਼ ਵਿੱਚ ਬਹੁਤ ਧਾਰਮਿਕ ਅਤੇ ਇਤਿਹਾਸਿਕ ਮਹੱਤਤਾ ਵਾਲੇ ਸਥਾਨ ਹਨ। ਇਹਨਾਂ ਵਿੱਚੋਂ ਸ੍ਰੀ ਅੰਮ੍ਰਿਤਸਰ ਸਭ ਤੋਂ ਵੱਧ ਮਹੱਤਤਾ ਵਾਲਾ ਸ਼ਹਿਰ ਹੈ। ਇਸ ਸ਼ਹਿਰ ਬਾਰੇ ਤਾਂ ਕਿਹਾ ਜਾਂਦਾ ਹੈ, “ਅੰਮ੍ਰਿਤਸਰ ਸਿਫ਼ਤੀ ਦਾ ਘਰ' ਸੱਚ ਮੁੱਚ ਹੀ ਅੰਮ੍ਰਿਤਸਰ ਸਿਫ਼ਤੀ ਦਾ ਘਰ ਹੈ। ਇਹ ਪੁਰਾਤਨ ਸ਼ਹਿਰ ਹੈ। ਇਸ ਸ਼ਹਿਰ ਨਾਲ਼ ਬਹੁਤ ਸਾਰੀਆਂ ਇਤਿਹਾਸਿਕ ਤੇ ਮਿਥਿਹਾਸਿਕ ਘਟਨਾਵਾਂ ਜੁੜੀਆਂ ਹੋਈਆਂ ਹਨ।
ਸ਼ਹਿਰ ਦਾ ਖੇਤਰਫਲ ਅਤੇ ਸਥਿਤੀ
ਅੱਜ ਵਾਲਾ ਅੰਮ੍ਰਿਤਸਰ, ਹਰਿਮੰਦਰ ਸਾਹਿਬ (ਦਰਬਾਰ ਸਾਹਿਬ) ਕਰਕੇ ਵਧੇਰੇ ਪ੍ਰਸਿੱਧ ਹੈ। ਅੰਮ੍ਰਿਤਸਰ ਪੰਜਾਬ ਦਾ ਵੱਡਾ ਵਪਾਰਿਕ ਕੇਂਦਰ ਹੈ। ਇਸ ਸ਼ਹਿਰ ਦਾ ਖੇਤਰਫਲ ਲਗ-ਪਗ 24 ਵਰਗ ਕਿਲੋਮੀਟਰ ਹੈ। ਇਹ ਸ਼ਹਿਰ, ਭਾਰਤ ਦੀ ਪਾਕਿਸਤਾਨ ਨਾਲ ਲੱਗਦੀ ਹੱਦ ਤੋਂ ਪੂਰਬ ਵਾਲੇ ਪਾਸੇ 16 ਮੀਲ ਦੀ ਦੂਰੀ 'ਤੇ ਸਥਿਤ ਹੈ।
ਸ਼ਹਿਰ ਦਾ ਇਤਿਹਾਸ
ਅੰਮ੍ਰਿਤਸਰ ਸ਼ਹਿਰ ਦੇ ਵੱਸਣ ਤੋਂ ਪਹਿਲਾਂ ਇਹ ਸਥਾਨ ਬੜਾ ਸੁੰਦਰ ਤੇ ਰਮਣੀਕ ਸੀ। ਸੰਤ-ਜਨ ਭਗਤੀ ਕਰਨ ਲਈ ਇਸ ਨੂੰ ਸੁੰਦਰ ਟਿਕਾਣਾ ਸਮਝਦੇ ਸਨ। ਸਿੱਖਾਂ ਦੇ ਤੀਜੇ ਗੁਰੂ ਅਮਰਦਾਸ ਜੀ ਨੇ ਆਪਣੇ ਜਵਾਈ ਜੋ ਕਿ ਚੌਥੇ ਗੁਰੂ ਰਾਮਦਾਸ ਜੀ ਸਨ, ਨੂੰ ਇਸ ਸਥਾਨ 'ਤੇ ਸਰੋਵਰ ਬਣਾਉਣ ਲਈ ਭੇਜਿਆ। ਇੱਥੇ ਹੀ ਕੋਈ 250 ਏਕੜ ਜ਼ਮੀਨ ਉੱਪਰ ‘ਗੁਰੂ ਕਾ ਚੱਕ ਨਾਂ ਦੀ ਬਸਤੀ ਦਾ ਅਰੰਭ ਕੀਤਾ ਗਿਆ। ਇਸ ਪ੍ਰਕਾਰ ਇਹ ਨਗਰ 1570 ਈਸਵੀ ਵਿੱਚ ਵਸਾਇਆ ਜਾਣ ਲੱਗਾ ਤੇ ਸਰੋਵਰ ਦੀ ਪੁਟਾਈ 1573 ਈਸਵੀ ਵਿੱਚ ਅਰੰਭ ਹੋਈ। ਹੌਲੀ-ਹੌਲੀ ਸ਼ਹਿਰ ਵੱਸ ਗਿਆ।
ਸ਼ਹਿਰ ਦੇ ਪ੍ਰਸਿੱਧ ਖਾਣੇ
ਇਸ ਸ਼ਹਿਰ ਦੇ ਬਹੁਤੇ ਲੋਕ ਵਪਾਰ ਕਰਦੇ ਹਨ। ਇੱਥੇ ਮੁੱਖ ਰੂਪ ਵਿੱਚ ਕੱਪੜੇ ਦਾ ਅਤੇ ਸੋਨੇ-ਚਾਂਦੀ ਦੇ ਗਹਿਣਿਆਂ ਦਾ ਵਪਾਰ ਹੁੰਦਾ ਹੈ। ਅੰਮ੍ਰਿਤਸਰ ਸ਼ਹਿਰ ਸੁਆਦਲੇ-ਚਟਪਟੇ ਖਾਇਆਂ ਲਈ ਵੀ ਮਸ਼ਹੂਰ ਹੈ, ਖ਼ਾਸ ਤੌਰ ਤੇ ਅੰਮ੍ਰਿਤਸਰੀ ਕੁਲਚੇ ਲੋਕ ਬੜੇ ਚਾਅ ਨਾਲ ਖਾਂਦੇ ਹਨ। ਅੰਮ੍ਰਿਤਸਰ ਗੁਰੂ ਦੀ ਨਗਰੀ ਕਰਕੇ ਵੀ ਜਾਇਆ ਜਾਂਦਾ ਹੈ। ਅੰਮ੍ਰਿਤਸਰ ਦੇ ਪਾਪੜ ਵੜੀਆਂ ਬਹੁਤ ਮਸ਼ਹੂਰ ਹਨ।
ਪ੍ਰਸਿੱਧ ਧਾਰਮਿਕ ਤੇ ਇਤਿਹਾਸਿਕ ਸਥਾਨ
ਅੰਮ੍ਰਿਤਸਰ ਵਿੱਚ ਹਿੰਦੂਆਂ ਤੇ ਸਿੱਖਾਂ ਦੇ ਬਹੁਤ ਸਾਰੇ ਧਾਰਮਿਕ ਸਥਾਨ ਹਨ। ਹਰਮਿੰਦਰ ਸਾਹਿਬ ਦੇ ਦਰਸ਼ਨਾਂ ਲਈ ਦੇਸ-ਵਿਦੇਸ ਦੇ ਹਰ ਕੋਨੇ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਆਉਂਦੇ ਹਨ। ਅਕਾਲ-ਤਖ਼ਤ ਸਾਹਿਬ, ਗੁਰਦੁਆਰਾ ਥੜ੍ਹਾ ਸਾਹਿਬ, ਗੁਰਦੁਆਰਾ ਸੰਤੋਖਸਰ ਸਾਹਿਬ, ਗੁਰਦੁਆਰਾ ਅਟੱਲ ਸਾਹਿਬ, ਗੁਰੂ ਕੇ ਮਹਿਲ, ਗੁਰਦੁਆਰਾ ਸ਼ਹੀਦਾਂ ਅਤੇ ਹੋਰ ਬਹੁਤ ਸਾਰੇ ਸਿੱਖਾਂ ਦੇ ਧਾਮ ਇੱਥੇ ਸਥਿਤ ਹਨ। ਇਸ ਦੇ ਨਾਲ ਹੀ ਦੁਰਗਿਆਣਾ ਮੰਦਰ ਅਤੇ ਪ੍ਰਾਚੀਨ ਸੀਤਲਾ ਮੰਦਰ ਹਿੰਦੂਆਂ ਦੇ ਪ੍ਰਸਿੱਧ ਪੂਜਾ ਅਸਥਾਨ ਹਨ। ਇੱਥੇ ਇੱਕ ਕਿਲ੍ਹਾ ਹੈ। ਜਿਸ ਦਾ ਨਾਮ ‘ਕਿਲ੍ਹਾ ਲੋਹਗੜ੍ਹ ਹੈ, ਜਿਸ ਨੂੰ ਸੰਨ 1671 ਈਸਵੀ ਵਿੱਚ ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਜੀ ਨੇ ਤਿਆਰ ਕਰਵਾਇਆ ਸੀ। ਅੰਮ੍ਰਿਤਸਰ ਪੰਜਾਬ ਦਾ ਇੱਕ ਪ੍ਰਸਿੱਧ ਵਿੱਦਿਅਕ ਕੇਂਦਰ ਵੀ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਇੱਥੇ ਹੀ ਸਥਿਤ ਹੈ। ਇੱਥੋਂ ਦੇ ਖਾਲਸਾ ਕਾਲਜ ਦੀ ਸ਼ਾਨ ਵੀ ਨਿਰਾਲੀ ਹੈ। ਡੀ. ਏ. ਵੀ. ਕਾਲਜ ਤੇ ਹੋਰ ਬਹੁਤ ਸਾਰੀਆਂ ਵਿੱਦਿਅਕ ਸੰਸਥਾਵਾਂ ਵੀ ਇੱਥੇ ਸਥਿਤ ਹਨ।
ਜੱਲ੍ਹਿਆਂਵਾਲਾ ਬਾਗ਼
ਇਸ ਸ਼ਹਿਰ ਦੇ ਵਿੱਚ ਹੀ ਜੱਲ੍ਹਿਆਂਵਾਲਾ ਬਾਗ਼ ਸਥਿਤ ਹੈ ਜਿੱਥੇ 13 ਅਪਰੈਲ, 1919 ਨੂੰ ਹਿੰਦੂਆਂ, ਸਿੱਖਾਂ ਅਤੇ ਮੁਸਲਮਾਨਾਂ ਦਾ ਸਾਂਝਾ ਖੂਨ ਡੁੱਲ੍ਹਿਆ ਸੀ। ਜਲ੍ਹਿਆਂਵਾਲਾ ਬਾਗ਼ ਦੇ ਖੂਨੀ ਸਾਕੇ ਪਿੱਛੋਂ ਅਜ਼ਾਦੀ-ਸੰਗਰਾਮ ਹੋਰ ਤਿੱਖਾ ਹੋ ਗਿਆ ਸੀ। ਇਸ ਥਾਂ ਉੱਤੇ ਸ਼ਹੀਦਾਂ ਦੀ ਯਾਦ ਵਿੱਚ ਇੱਕ ਮਿਨਾਰ ਬਣਿਆ ਹੋਇਆ ਹੈ।
ਕੰਪਨੀ ਬਾਗ਼
ਇੱਥੇ ਅੰਗਰੇਜ਼ਾਂ ਦੇ ਸਮੇਂ ਦਾ ਇੱਕ ਬੜਾ ਖੁੱਲ੍ਹਾ ਬਾਗ਼ ਹੈ ਜਿਸ ਨੂੰ ‘ਕੰਪਨੀ ਬਾਗ ਕਹਿੰਦੇ ਹਨ। ਭਾਵੇਂ ਬਾਅਦ ਵਿੱਚ ਇਸ ਦਾ ਨਾਂ ਬਦਲ ਕੇ “ਨਹਿਰੂ ਬਾਗ਼' ਰੱਖਿਆ ਗਿਆ ਪਰ ਇਹ ਅਜੇ ਵੀ ‘ਕੰਪਨੀ ਬਾਗ਼ ਦੇ ਨਾਂ ਨਾਲ ਹੀ ਜਾਇਆ ਜਾਂਦਾ ਹੈ। ਇੱਥੋਂ ਦੀ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਮਹਾਨ ਤੇ ਗੌਰਵਮਈ ਵਿਰਸੇ ਨੂੰ ਸੰਭਾਲੀ ਬੈਠੀ ਹੈ। • ਸਾਰ-ਅੰਸ਼ - ਪੰਜਾਬ ਦੇ ਹੋਰ ਪੁਰਾਤਨ ਸ਼ਹਿਰਾਂ ਵਾਂਗ ਅੰਮ੍ਰਿਤਸਰ ਵਿੱਚ ਪ੍ਰਾਚੀਨਤਾ ਵੀ ਹੈ ਅਤੇ ਨਵੀਨਤਾ ਵੀ। ਅੰਮ੍ਰਿਤਸਰ ਮਾਝੇ ਦਾ ਕੇਂਦਰੀ ਸ਼ਹਿਰ ਹੈ। ਇਸ ਲਈ ਇੱਥੇ ਪੰਜਾਬੀ ਦੀ ਉਪਭਾਸ਼ਾ ‘ਮਾਝੀ ਬੋਲੀ ਜਾਂਦੀ ਹੈ। ਟਕਸਾਲੀ ਪੰਜਾਬੀ ਮਾਝੀ ਦੇ ਕਾਫ਼ੀ ਨੇੜੇ ਹੈ। ਅਖੀਰ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਸਮੁੱਚਾ ਅੰਮ੍ਰਿਤਸਰ ਇਤਿਹਾਸਿਕ ਤੇ ਧਾਰਮਿਕ ਮਹਾਨਤਾ ਵਾਲਾ ਸ਼ਹਿਰ ਹੈ ਅਤੇ ਨਾਲ ਹੀ ਬੜਾ ਵੱਡਾ ਵਪਾਰਿਕ ਕੇਂਦਰ ਵੀ ਹੈ।
0 Comments